ਅਮਰੀਕੀ ਔਰਤ ਭਾਰਤ ਦੇ ਜੰਗਲ ‘ਚ ਦਰੱਖਤ ਨਾਲ ਬੰਨ੍ਹੀ ਮਿਲੀ

ਚੰਡੀਗੜ੍ਹ ਨੈਸ਼ਨਲ ਪੰਜਾਬ

ਅਮਰੀਕੀ ਔਰਤ ਭਾਰਤ ਦੇ ਜੰਗਲ ‘ਚ ਦਰੱਖਤ ਨਾਲ ਬੰਨ੍ਹੀ ਮਿਲੀ


ਮੁੰਬਈ, 30 ਜੁਲਾਈ, ਬੋਲੇ ਪੰਜਾਬ ਬਿਊਰੋ :


ਮਹਾਰਾਸ਼ਟਰ ਦੇ ਸਿੰਧੂਦੁਰਗ ਜ਼ਿਲ੍ਹੇ ਦੇ ਜੰਗਲ ’ਚ ਇਕ 50 ਸਾਲ ਦੀ ਔਰਤ ਲੋਹੇ ਦੀ ਜ਼ੰਜੀਰ ਨਾਲ ਦਰੱਖਤ ਨਾਲ ਬੰਨ੍ਹੀ ਹੋਈ ਮਿਲੀ। ਉਸ ਕੋਲੋਂ ਤਾਮਿਲਨਾਡੂ ਦੇ ਪਤੇ ਵਾਲੇ ਅਮਰੀਕੀ ਪਾਸਪੋਰਟ ਦੀ ਫੋਟੋਕਾਪੀ ਅਤੇ ਤਾਮਿਲਨਾਡੂ ਦੇ ਪਤੇ ਵਾਲਾ ਆਧਾਰ ਕਾਰਡ ਸਮੇਤ ਦਸਤਾਵੇਜ਼ ਬਰਾਮਦ ਕੀਤੇ ਗਏ ਹਨ। ਇਕ ਪੁਲਿਸ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿਤੀ।
ਔਰਤ ਦਾ ਨਾਮ ਲਲਿਤਾ ਕਾਈ ਹੈ। ਪੁਲਿਸ ਨੂੰ ਸ਼ੱਕ ਹੈ ਕਿ ਉਸ ਦੇ ਪਤੀ ਨੇ ਉਸ ਨੂੰ ਮੁੰਬਈ ਤੋਂ ਲਗਭਗ 450 ਕਿਲੋਮੀਟਰ ਦੂਰ ਤੱਟਵਰਤੀ ਜ਼ਿਲ੍ਹੇ ਦੇ ਜੰਗਲ ਨਾਲ ਬੰਨ੍ਹ ਦਿਤਾ ਅਤੇ ਫਰਾਰ ਹੋ ਗਿਆ। ਇਕ ਅਧਿਕਾਰੀ ਨੇ ਦਸਿਆ ਕਿ ਔਰਤ ਕਮਜ਼ੋਰ ਵਿਖਾਈ ਦੇ ਰਹੀ ਸੀ ਅਤੇ ਮਾਨਸਿਕ ਸਿਹਤ ਸਮੱਸਿਆਵਾਂ ਤੋਂ ਪੀੜਤ ਹੈ। ਉਹ ਮੂਲ ਰੂਪ ’ਚ ਅਮਰੀਕਾ ਦੀ ਰਹਿਣ ਵਾਲੀ ਹੈ ਅਤੇ ਪਿਛਲੇ 10 ਸਾਲਾਂ ਤੋਂ ਤਾਮਿਲਨਾਡੂ ’ਚ ਰਹਿ ਰਹੀ ਸੀ। ਉਸ ਦਾ ਪਤੀ ਤਾਮਿਲਨਾਡੂ ਦਾ ਰਹਿਣ ਵਾਲਾ ਹੈ। 
ਉਨ੍ਹਾਂ ਕਿਹਾ ਕਿ ਸਿੰਧੂਦੁਰਗ ਪੁਲਿਸ ਦੀ ਇਕ ਟੀਮ ਉਸ ਦੇ ਆਧਾਰ ਕਾਰਡ ਵਿਚ ਦੱਸੇ ਪਤੇ ’ਤੇ ਭੇਜੀ ਗਈ ਹੈ ਤਾਂ ਜੋ ਉਸ ਦੇ ਰਿਸ਼ਤੇਦਾਰਾਂ ਦਾ ਪਤਾ ਲਗਾਇਆ ਜਾ ਸਕੇ ਅਤੇ ਕੇਂਦਰ ਸਰਕਾਰ ਵਲੋਂ ਜਾਰੀ ਦਸਤਾਵੇਜ਼ਾਂ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਕੀਤੀ ਜਾ ਸਕੇ। ਸਿੰਧੂਦੁਰਗ ਜ਼ਿਲ੍ਹੇ ਦੇ ਪੁਲਿਸ ਸੁਪਰਡੈਂਟ ਸੌਰਭ ਅਗਰਵਾਲ ਨੇ ਕਿਹਾ, ‘‘ਅਸੀਂ ਉਸ ਕੋਲੋਂ ਬਰਾਮਦ ਸਾਰੇ ਦਸਤਾਵੇਜ਼ਾਂ ਦੀ ਪੁਸ਼ਟੀ ਕਰ ਰਹੇ ਹਾਂ। ਉਸ ਦਾ ਬਿਆਨ ਦਰਜ ਕਰਨ ਅਤੇ ਦਸਤਾਵੇਜ਼ਾਂ ਦੀ ਜਾਂਚ ਕਰਨ ਤੋਂ ਬਾਅਦ ਹੀ ਅਸੀਂ ਕਿਸੇ ਸਿੱਟੇ ’ਤੇ ਪਹੁੰਚ ਸਕਾਂਗੇ।’’ਉਨ੍ਹਾਂ ਕਿਹਾ ਕਿ ਇਸ ਘਟਨਾ ਦੇ ਸਬੰਧ ’ਚ ਅਜੇ ਤਕ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਸਨਿਚਰਵਾਰ ਸ਼ਾਮ ਨੂੰ ਮੁੰਬਈ ਤੋਂ ਕਰੀਬ 450 ਕਿਲੋਮੀਟਰ ਦੂਰ ਸੋਨੂਰਲੀ ਪਿੰਡ ’ਚ ਇਕ ਚਰਵਾਹੇ ਨੇ ਔਰਤ ਦੀਆਂ ਚੀਕਾਂ ਸੁਣੀਆਂ ਅਤੇ ਪੁਲਿਸ ਨੂੰ ਸੂਚਿਤ ਕੀਤਾ।

Leave a Reply

Your email address will not be published. Required fields are marked *