ਮਾਤਾ ਚਿੰਤਪੁਰਨੀ ਮੱਥਾ ਟੇਕ ਕੇ ਵਾਪਸ ਆ ਰਹੇ ਨੌਜਵਾਨਾਂ ਦੀ ਕਾਰ ਹਾਦਸਾਗ੍ਰਸਤ, ਦੋ ਦੀ ਮੌਤ ਇੱਕ ਜਖਮੀ
ਬਾਬਾ ਬਕਾਲਾ, 29 ਜੁਲਾਈ, ਬੋਲੇ ਪੰਜਾਬ ਬਿਊਰੋ :
ਮਾਤਾ ਚਿੰਤਪੁਰਨੀ ਦੇ ਦਰਸ਼ਨ ਕਰਕੇ ਵਾਪਸ ਆ ਰਹੇ ਦੋ ਨੌਜਵਾਨਾਂ ਨਾਲ ਵੱਡਾ ਹਾਦਸਾ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦਰਅਸਲ ਸਬ ਡਵੀਜ਼ਨ ਬਾਬਾ ਬਕਾਲਾ ਸਾਹਿਬ ਦੇ ਪਿੰਡ ਖਲਚੀਆਂ-ਮੁੱਛਲ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਕਾਰ ਵਿੱਚ ਜਾ ਰਹੇ ਦੋ ਨੌਜਵਾਨਾਂ ਦੀ ਮੌਤ ਹੋ ਗਈ, ਜਦਕਿ ਤੀਜਾ ਗੰਭੀਰ ਜ਼ਖ਼ਮੀ ਹੋ ਗਿਆ।
ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਤੋਂ ਤਿੰਨ ਨੌਜਵਾਨ ਸਵੇਰੇ ਮਾਤਾ ਚਿੰਤਪੁਰਨੀ ਦੇ ਦਰਸ਼ਨ ਕਰਕੇ ਆਪਣੀ ਕਾਰ ਵਿੱਚ ਵਾਪਸ ਆ ਰਹੇ ਸਨ ਕਿ ਖਲਚੀਆਂ ਅਤੇ ਮੁੱਛਲ ਦੇ ਵਿਚਕਾਰ ਸੜਕ ‘ਤੇ ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਗਈ, ਜਿਸ ਵਿੱਚ ਤਿੰਨੋਂ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚ ਰਾਮ ਵਡੇਰਾ ਪੁੱਤਰ ਰਣਜੀਤ ਵਡੇਰਾ ਵਾਸੀ ਵਰਿੰਦਰ ਗਾਰਡਨ ਫਤਿਹਗੜ੍ਹ ਚੂੜੀਆਂ ਰੋਡ ਅੰਮ੍ਰਿਤਸਰ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਦੂਜੇ ਨੌਜਵਾਨ ਮਨੀਸ਼ ਲੋਹੀਆ ਪੁੱਤਰ ਪ੍ਰਵੀਨ ਲੋਹੀਆ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। ਹਾਦਸੇ ਤੋਂ ਬਾਅਦ ਮੌਕੇ ‘ਤੇ ਪਹੁੰਚੇ ਸਤਪਾਲ ਸਿੰਘ ਏ.ਐਸ.ਆਈ. ਥਾਣਾ ਖਲਚੀਆਂ ਦੀ ਪੁਲੀਸ ਟੀਮ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।