ਬਜ਼ੁਰਗ ਔਰਤ ਨੇ ਪੋਤੀ ਨਾਲ ਲੜਕੇ ਨਹਿਰ ‘ਚ ਮਾਰੀ ਛਾਲ਼
ਫਾਜ਼ਿਲਕਾ, 29 ਜੁਲਾਈ, ਬੋਲੇ ਪੰਜਾਬ ਬਿਊਰੋ ;
ਫਾਜ਼ਿਲਕਾ ਦੇ ਮਲੋਟ ਰੋਡ ‘ਤੇ ਇਕ ਬਜ਼ੁਰਗ ਔਰਤ ਵਲੋਂ ਗੰਗਾ ਨਹਿਰ ‘ਚ ਛਾਲ ਮਾਰ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸੂਚਨਾ ਮਿਲਦੇ ਹੀ ਆਸ-ਪਾਸ ਤਾਇਨਾਤ ਐਸਐਸਐਫ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਬਜ਼ੁਰਗ ਔਰਤ ਨੂੰ ਬਚਾਇਆ ਅਤੇ ਉਸ ਦੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤਾ।
ਜਾਣਕਾਰੀ ਮੁਤਾਬਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਬਜ਼ੁਰਗ ਔਰਤ ਦਾ ਆਪਣੀ ਪੋਤੀ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ। ਇਸ ਤੋਂ ਬਾਅਦ ਗੁੱਸੇ ‘ਚ ਆ ਕੇ ਬਜ਼ੁਰਗ ਔਰਤ ਨੇ ਖੁਦਕੁਸ਼ੀ ਕਰਨ ਲਈ ਨਹਿਰ ‘ਚ ਛਾਲ ਮਾਰ ਦਿੱਤੀ। ਹਾਲਾਂਕਿ ਰੋਡ ਸੇਫਟੀ ਫੋਰਸ ਦੀ ਟੀਮ ਨੇ ਮੌਕੇ ‘ਤੇ ਹੀ ਬਜ਼ੁਰਗ ਔਰਤ ਨੂੰ ਨਹਿਰ ‘ਚੋਂ ਬਾਹਰ ਕੱਢਿਆ। ਇਸ ਤੋਂ ਬਾਅਦ ਬਜ਼ੁਰਗ ਔਰਤ ਨੂੰ ਉਸ ਦੇ ਪਰਿਵਾਰ ਹਵਾਲੇ ਕਰ ਦਿੱਤਾ ਗਿਆ। ਫਿਲਹਾਲ ਪੁਲਿਸ ਨੇ ਬਜ਼ੁਰਗ ਔਰਤ ਅਤੇ ਉਸਦੇ ਪਰਿਵਾਰਕ ਮੈਂਬਰਾਂ ਵਿਚਕਾਰ ਸਮਝੌਤਾ ਕਰਵਾ ਦਿੱਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ.ਐਸ.ਐਫ ਟੀਮ ਦੇ ਇੰਚਾਰਜ ਏ.ਐਸ.ਆਈ ਦੇਵੀ ਦਿਆਲ ਨੇ ਦੱਸਿਆ ਕਿ ਬਜ਼ੁਰਗ ਔਰਤ ਨੇ ਆਪਣੀ ਪੋਤੀ ਨਾਲ ਲੜਾਈ ਝਗੜੇ ਤੋਂ ਬਾਅਦ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ਨੂੰ ਬਚਾ ਕੇ ਅਰਨੀਵਾਲਾ ਪੁਲਿਸ ਕੋਲ ਪਹੁੰਚਾ ਕੇ ਪਰਿਵਾਰ ਹਵਾਲੇ ਕਰ ਦਿੱਤਾ ਗਿਆ। ਏਐਸਆਈ ਨੇ ਦੱਸਿਆ ਕਿ ਇਹ ਪੁਲ ਹਾਦਸੇ ਵਾਲੀ ਜਗ੍ਹਾ ਹੈ, ਇਸ ਲਈ ਐਸਐਸਐਫ ਦੀ ਟੀਮ ਪਿਛਲੇ 5 ਮਹੀਨਿਆਂ ਤੋਂ ਇਸ ਥਾਂ ’ਤੇ ਮੌਜੂਦ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਬਜ਼ੁਰਗ ਔਰਤ ਸਮੇਤ 4 ਵਿਅਕਤੀ ਖੁਦਕੁਸ਼ੀ ਕਰਨ ਤੋਂ ਬਚਾਏ ਜਾ ਚੁੱਕੇ ਹਨ।