ਦਿੱਲੀ ‘ਚ UPSC ਦੀ ਤਿਆਰੀ ਲਈ ਚੱਲ ਰਹੇ ਇੰਸਟੀਚਿਊਟ ‘ਚ ਹਾਦਸਾ ਵਾਪਰਿਆ, ਤਿੰਨ ਵਿਦਿਆਰਥੀਆਂ ਦੀ ਮੌਤ
ਨਵੀਂ ਦਿੱਲੀ, 28 ਜੁਲਾਈ, ਬੋਲੇ ਪੰਜਾਬ ਬਿਊਰੋ :
ਮੱਧ ਦਿੱਲੀ ਦੇ ਓਲਡ ਰਾਜੇਂਦਰ ਨਗਰ ਇਲਾਕੇ ‘ਚ UPSC ਦੀ ਤਿਆਰੀ ਲਈ ਚੱਲ ਰਹੇ ਰਾਓ ਇੰਸਟੀਚਿਊਟ ‘ਚ ਸ਼ਨੀਵਾਰ ਰਾਤ ਨੂੰ ਵੱਡਾ ਹਾਦਸਾ ਵਾਪਰ ਗਿਆ। ਇੱਥੇ ਬਾਰਿਸ਼ ਦੌਰਾਨ ਸੰਸਥਾ ਦੀ ਲਾਇਬ੍ਰੇਰੀ ਵਿੱਚ ਪਾਣੀ ਭਰ ਗਿਆ। ਹਾਦਸੇ ਦੇ ਸਮੇਂ ਇੱਥੇ ਪੰਜ ਤੋਂ ਸੱਤ ਵਿਦਿਆਰਥੀ ਫਸੇ ਹੋਏ ਸਨ। ਫਾਇਰ ਬ੍ਰਿਗੇਡ ਅਤੇ ਪੁਲਸ ਨੂੰ ਸ਼ਾਮ ਕਰੀਬ 7.01 ਵਜੇ ਸੂਚਨਾ ਮਿਲੀ। ਬੇਸਮੈਂਟ ਪੂਰੀ ਤਰ੍ਹਾਂ ਪਾਣੀ ਨਾਲ ਭਰ ਗਈ ਸੀ।
ਸਥਿਤੀ ਨੂੰ ਦੇਖਦੇ ਹੋਏ NDRF ਦੀ ਟੀਮ ਨੂੰ ਮੌਕੇ ‘ਤੇ ਬੁਲਾਇਆ ਗਿਆ। ਬਚਾਅ ਟੀਮਾਂ ਨੂੰ ਤਿੰਨ ਵਿਦਿਆਰਥੀਆਂ ਦੀਆਂ ਲਾਸ਼ਾਂ ਮਿਲੀਆਂ। ਬੇਸਮੈਂਟ ਵਿੱਚ ਬਹੁਤ ਹਨੇਰਾ ਸੀ, ਵਿਦਿਆਰਥੀਆਂ ਨੂੰ ਬਚਾਉਣ ਵਿੱਚ ਕਾਫੀ ਦਿੱਕਤ ਆ ਰਹੀ ਸੀ। ਤਿੰਨ ਵਿਦਿਆਰਥੀਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਇਨ੍ਹਾਂ ਵਿੱਚੋਂ ਇੱਕ ਦੀ ਪਛਾਣ ਤੇਲੰਗਾਨਾ ਦੀ ਰਹਿਣ ਵਾਲੀ ਤਾਨਿਆ ਵਜੋਂ ਹੋਈ ਹੈ।
ਸੀਨੀਅਰ ਪੁਲਿਸ ਅਧਿਕਾਰੀਆਂ ਤੋਂ ਇਲਾਵਾ ਫਾਇਰ ਬ੍ਰਿਗੇਡ ਅਤੇ ਐਨਡੀਆਰਐਫ ਦੇ ਅਧਿਕਾਰੀ ਵੀ ਮੌਕੇ ‘ਤੇ ਮੌਜੂਦ ਸਨ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਲੋਕਾਂ ਦੀ ਵੱਡੀ ਭੀੜ ਉੱਥੇ ਇਕੱਠੀ ਹੋ ਗਈ। ਨੇੜਲੇ ਹਸਪਤਾਲਾਂ ਨੂੰ ਅਲਰਟ ਕਰ ਦਿੱਤਾ ਗਿਆ ਹੈ। ਫਾਇਰ ਬ੍ਰਿਗੇਡ ਦੀਆਂ ਸੱਤ ਗੱਡੀਆਂ ਤੋਂ ਇਲਾਵਾ ਐਂਬੂਲੈਂਸ ਅਤੇ ਐਨਡੀਆਰਐਫ ਦੀਆਂ ਗੱਡੀਆਂ ਮੌਕੇ ’ਤੇ ਮੌਜੂਦ ਸਨ।