ਅਣਹੋਣੀ ਦਾ ਨਿਗਮ ਪ੍ਰਸ਼ਾਸਨ ਅੱਡੀਆਂ ਚੁੱਕਕੇ ਕਰ ਰਿਹਾ ਇੰਤਜ਼ਾਰ-ਪੁਰਖਾਲਵੀ
ਮੁਹਾਲੀ 28 ਜੁਲਾਈ ,ਬੋਲੇ ਪੰਜਾਬ ਬਿਊਰੋ :
“ਸਥਾਨਕ ਨਿਗਮ ਪ੍ਰਸ਼ਾਸਨ ਅੱਡੀਆਂ ਚੁੱਕਕੇ ਲੋਕਾਂ ਦੀ ਮੌਤ ਦੀ ਉਡੀਕ ਕਰ ਰਿਹਾ ਹੈ ਇਸੇ ਆਸ ਵਿੱਚ ਸੰਬੰਧਿਤ ਅਧਿਕਾਰੀਆਂ ਵੱਲੋਂ ਠੇਕੇਦਾਰ ਦੀ ਕਥਿਤ ਲਾਪ੍ਰਵਾਹੀ ਪ੍ਰਤੀ ਜਾਣਬੁੱਝਕੇ ਅਣਦੇਖੀ ਕੀਤੀ ਜਾ ਰਹੀ ਹੈ, ਇਹ ਪ੍ਰਗਟਾਵਾ ਦਲਿਤ ਚੇਤਨਾ ਮੰਚ ਪੰਜਾਬ ਦੇ ਪ੍ਰਧਾਨ ਅਤੇ ਸੀਨੀਅਰ ਅਕਾਲੀ ਆਗੂ ਸ਼ਮਸ਼ੇਰ ਪੁਰਖਾਲਵੀ ਵੱਲੋੰ ਪ੍ਰੈੱਸ ਨੂੰ ਜਾਰੀ ਆਪਣੇ ਇੱਕ ਬਿਆਨ ਰਾਹੀਂ ਕੀਤਾ ਗਿਆ।
ਮਾਮਲੇ ਬਾਰੇ ਮੀਡੀਆ ਜਾਣੂ ਕਰਵਾਉਂਦਿਆਂ ਉੱਘੇ ਸਮਾਜ ਸੇਵੀ ਆਗੂ ਸ਼ਮਸ਼ੇਰ ਪੁਰਖਾਲਵੀ ਨੇ ਦੱਸਿਆ ਕਿ ਪੀਸੀਐਲ ਲਾਈਟ ਪੁਆਇੰਟ ਤੋਂ ਲੈਕੇ ਕੁੰਬੜਾ ਚੌਂਕ ਤੀਕ ਨਗਰ ਨਿਗਮ ਵੱਲੋਂ ਮੁੱਖ ਮਾਰਗ ਦੇ ਨਵੀਨੀਕਰਨ ਦਾ ਕੰਮ ਕਿਸੇ ਨਾਮਾਲੂਮ ਠੇਕੇਦਾਰ ਨੂੰ ਅਲਾਟ ਕੀਤਾ ਗਿਆ ਹੈ ਜਿਸ ਵੱਲੋਂ ਮੁੱਖ ਮਾਰਗ ਦੇ ਅੱਧੀ ਤੋਂ ਵਧੇਰੇ ਸੜਕ ਉੱਤੇ ਉਸਾਰੀ ਦਾ ਮਟੀਰੀਅਲ ਅਤੇ ਮਸ਼ੀਨਰੀ ਰੱਖਕੇ ਕਬਜ਼ਾ ਕੀਤਾ ਹੋਇਆ ਹੈ ਜਿਸ ਕਾਰਨ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਬੇਸ਼ੁਮਾਰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸ੍ਰੀ ਪੁਰਖਾਲਵੀ ਨੇ ਦੱਸਿਆ ਕਿ ਚੱਲਦੇ ਕੰਮ ਦੌਰਾਨ ਸੰਬੰਧਿਤ ਅਧਿਕਾਰੀਆਂ ਵੱਲੋਂ ਕੰਮ ਦੀ ਗੁਣਵੱਤਾ ਸੰਬੰਧੀ ਸਮੇਂ-ਸਮੇਂ ਸਿਰ ਫਿਜੀਕਲ ਨਿਗਰਾਨੀ ਅਤੇ ਤਫ਼ਤੀਸ਼ ਯਕੀਨੀ ਬਣਾਉਣੀ ਹੁੰਦੀ ਹੈ ਤਾਂ ਜੋ ਕੰਮ ਨਿਰਧਾਰਿਤ ਤਖ਼ਮੀਨੇ ਅਨੁਸਾਰ ਕਰਵਾਉਣਾ ਯਕੀਨੀ ਬਣਾਇਆ ਜਾ ਸਕੇ ਪ੍ਰੰਤੂ ਨਿਗਮ ਅਧਿਕਾਰੀਆਂ ਦੀ ਸਿਤਮਜਰੀਫੀ ਦੇਖੋ ਜਿਨ੍ਹਾਂ ਨੇ ਪਿਛਲੇ ਤਿੰਨ ਮਹੀਨੇ ਤੋਂ ਚੱਲਦੇ ਕੰਮ ਉੱਤੇ ਇੱਕ ਵੀ ਗੇੜਾ ਨਹੀਂ ਮਾਰਿਆ ਜਿਸ ਤੋਂ ਸਾਬਤ ਹੁੰਦਾ ਹੈ ਕਿ ਸੰਬੰਧਿਤ ਅਧਿਕਾਰੀ ਆਪਣੀ ਪ੍ਰਸਾਸਨਿਕ ਜਿੰਮੇਵਾਰੀ ਵੱਲ ਤਵੱਜੋਂ ਦੇਣ ਦੀ ਬਜਾਏ ਕੰਮ ਚੋਂ ਮਿਲਦੇ ਕਮਿਸ਼ਨ ਵੱਲ ਹੀ ਜ਼ਿਆਦਾ ਧਿਆਨ ਦਿੰਦੇ ਹਨ ਜਿਸ ਕਾਰਨ ਹੀ ਸਮੇਂ-ਸਮੇਂ ਸਿਰ ਸ਼ਹਿਰ ਨਿਵਾਸੀਆਂ ਨੂੰ ਵੱਖ-ਵੱਖ ਸਮੱਸਿਆਵਾਂ ਨਾਲ ਦੋ-ਚਾਰ ਹੋਣਾ ਪੈਂਦਾ ਹੈ।
ਸ਼੍ਰੀ ਪੁਰਖਲਵੀ ਨੇ ਕਮਿਸ਼ਨਰ ਅਤੇ ਹੋਰ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਇਸ ਗੰਭੀਰ ਅਤੇ ਅਹਿਮ ਲਾਪ੍ਰਵਾਹੀ ਪ੍ਰਤੀ ਸੰਬੰਧਿਤ ਠੇਕੇਦਾਰ ਵਿਰੁੱਧ ਪ੍ਰਸ਼ਾਸਕੀ ਕਾਰਵਾਈ ਕਰਦਿਆਂ ਮਟੀਰੀਅਲ ਅਤੇ ਹੋਰ ਮਸ਼ੀਨਰੀ ਨੂੰ ਸੜਕ ਤੋਂ ਤੁਰੰਤ ਹਟਾਇਆ ਜਾਵੇ ਤਾਂ ਜੋ ਕਿਸੇ ਵੀ ਰਾਹਗੀਰ ਦਾ ਜਾਨੀ ਮਾਲੀ ਨੁਕਸਾਨ ਹੋਣ ਤੋਂ ਬਚਾ ਕੀਤਾ ਜਾ ਸਕੇ।