3 ਕਰੋੜ ਦੀ ਧੋਖਾਧੜੀ ਮਾਮਲੇ ‘ਚ ਮਿਸਿਜ਼ ਚੰਡੀਗੜ੍ਹ ਪੁੱਤਰ ਸਣੇ ਗ੍ਰਿਫਤਾਰ
ਚੰਡੀਗੜ੍ਹ, 28 ਜੁਲਾਈ ,ਬੋਲੇ ਪੰਜਾਬ ਬਿਊਰੋ :
ਪੰਜਾਬ ਪੁਲਿਸ ਨੇ ਧੋਖਾਧੜੀ ਦੇ ਮਾਮਲੇ ਵਿੱਚ ਚੰਡੀਗੜ੍ਹ ਦੀ ਰਹਿਣ ਵਾਲੀ ਅਰਪਨਾ ਸਗੋਤਰਾ ਨੂੰ ਗ੍ਰਿਫ਼ਤਾਰ ਕੀਤਾ ਹੈ। ਅਰਪਨਾ ਦੇ ਨਾਲ-ਨਾਲ ਉਸ ਦੇ ਪੁੱਤਰ ਕੁਨਾਲ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਅਰਪਨਾ ਸਗੋਤਰਾ ਪੇਸ਼ੇ ਤੋਂ ਵਕੀਲ ਹੈ ਅਤੇ ਉਸਨੇ 2019 ਵਿੱਚ 40 ਸਾਲ ਤੋਂ ਉਪਰ ਉਮਰ ਵਰਗ ਵਿੱਚ ਮਿਸਿਜ਼ ਚੰਡੀਗੜ੍ਹ ਦਾ ਖਿਤਾਬ ਜਿੱਤਿਆ।
ਪੁਲਿਸ ਨੇ ਇਨ੍ਹਾਂ ਕੋਲੋਂ 500 ਗ੍ਰਾਮ ਸੋਨੇ ਦੇ ਬਿਸਕੁਟ, 7 ਲੱਖ ਰੁਪਏ ਨਕਦ ਅਤੇ ਇੱਕ ਫੋਰਡ ਕਾਰ ਵੀ ਬਰਾਮਦ ਕੀਤੀ ਹੈ। ਪੁਲਿਸ ਅਰਪਨਾ ਦੇ ਪਤੀ ਸੰਜੇ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕੀ ਹੈ। ਮੁਹਾਲੀ ਦੀ ਫੇਜ਼ 11 ਪੁਲਿਸ ਅਨੁਸਾਰ ਉਸ ਖ਼ਿਲਾਫ਼ ਧੋਖਾਧੜੀ ਦੇ 25 ਕੇਸ ਦਰਜ ਹਨ। ਜਿਸ ਵਿੱਚ ਉਸ ਨੇ 2.5 ਤੋਂ 3 ਕਰੋੜ ਰੁਪਏ ਦੀ ਠੱਗੀ ਮਾਰੀ ਹੈ। ਐਸ.ਐਚ.ਓ ਗਗਨਦੀਪ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀਆਂ ਖਿਲਾਫ ਜਾਂਚ ਕੀਤੀ ਜਾ ਰਹੀ ਹੈ। ਧੋਖਾਧੜੀ ਦੇ ਮਾਮਲਿਆਂ ਦੀ ਗਿਣਤੀ ਹੋਰ ਵਧ ਸਕਦੀ ਹੈ। ਮੁਹਾਲੀ ਪੁਲਿਸ ਅਨੁਸਾਰ ਮਿਸਿਜ਼ ਚੰਡੀਗੜ੍ਹ ਨੇ ਆਪਣੇ ਪਤੀ ਸੰਜੇ ਨਾਲ ਮਿਲ ਕੇ ਸੈਕਟਰ 105 ਵਿੱਚ ਇਮੀਗ੍ਰੇਸ਼ਨ ਦਫ਼ਤਰ ਖੋਲ੍ਹਿਆ ਹੋਇਆ ਸੀ। ਜਿੱਥੇ ਉਹ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂ ਉੱਤੇ ਠੱਗੀ ਕਰਦੇ ਸਨ। ਇਹ ਲੋਕਾਂ ਤੋਂ ਪੈਸੇ ਲੈ ਲੈਂਦੇ ਸਨ, ਪਰ ਉਨ੍ਹਾਂ ਨੂੰ ਵਿਦੇਸ਼ ਨਹੀਂ ਭੇਜਿਆ ਜਾਂਦਾ ਸੀ। ਕਈ ਲੋਕਾਂ ਨੇ ਇਹਨਾਂ ਖਿਲਾਫ ਮਾਮਲੇ ਦਰਜ ਕਰਵਾਏ ਹਨ।