ਵੱਖ-ਵੱਖ ਬਰਾਂਚਾਂ ਵੱਲੋਂ ਪੰਜਾਬ ਸਰਕਾਰ ਤੇ ਇੰਜੀਨੀਅਰ ਦੇ ਫੂਕੇ ਜਾਣਗੇ ਪੁਤਲੇ
ਮੋਰਿੰਡਾ ,27, ਜੁਲਾਈ,ਬੋਲੇ ਪੰਜਾਬ ਬਿਊਰੋ :
ਪੀ ਡਬਲਯੂ ਡੀ, ਜਲ ਸਪਲਾਈ ਅਤੇ ਸੈਨੀਟੇਸ਼ਨ, ਸੀਵਰੇਜ ਬੋਰਡ ਦੇ ਫੀਲਡ ਮੁਲਾਜ਼ਮਾਂ ਦੀ ਜਥੇਬੰਦੀ ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ਼ ਯੂਨੀਅਨ( ਰਜਿ) ਨੰਬਰ 36 ਦੇ ਜੋਨ ਪ੍ਰਧਾਨ ਮਲਾਗਰ ਸਿੰਘ ਖਮਾਣੋ ਦੀ ਪ੍ਰਧਾਨਗੀ ਹੇਠ ਵੱਖ ਵੱਖ ਬਰਾਂਚਾਂ ਤੇ ਆਗੂਆਂ ਦੀ ਮੀਟਿੰਗ ਹੋਈ। ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਬਰਾਂਚ ਰੋਪੜ ਤੇ ਮੋਹਾਲੀ ਦੇ ਪ੍ਰਧਾਨ ਬ੍ਰਹਮਪਾਲ ਸਹੋਤਾ ਨੇ ਦੱਸਿਆ ਕਿ ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ ਯੂਨੀਅਨ ਬਰਾਂਚ ਗਿੱਦੜਬਾਹਾ ਵੱਲੋਂ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਬਠਿੰਡਾ ਨੰਬਰ ਦੋ ਦੇ ਕਾਰਜਕਾਰੀ ਇੰਜੀਨੀਅਰ ਵਿਰੁੱਧ ਫੀਲਡ ਮੁਲਾਜ਼ਮਾਂ ਤੇ ਆਟਸੋਰਸਿੰਗ ਮੁਲਾਜ਼ਮਾਂ ਦੀਆਂ ਛੇ ਮਹੀਨੇ ਦੀਆਂ ਬਕਾਇਆ ਤਨਖਾਹਾਂ ਜਾਰੀ ਕਰਨ ,ਈਪੀਐਫ ਦੇ ਘੱਪਲਿਆਂ ਦੀ ਜਾਂਚ ਕਰਨ, ਤਰਸ ਦੇ ਅਧਾਰ ਤੇ ਨੌਕਰੀਆਂ ਦੇਣ ਅਤੇ ਭਰਿਸ਼ਟਾਚਾਰ ਵਿਰੁੱਧ ਆਦਿ ਮੰਗਾਂ ਸਬੰਧੀ ਪਿਛਲੇ ਛੇ ਦਿਨਾਂ ਤੋਂ ਲਗਾਤਾਰ ਰੋਸ ਧਰਨਾ ਦਿੱਤਾ ਜਾ ਰਿਹਾ ਹੈ। ਸੰਬੰਧਿਤ ਇੰਜੀਨੀਅਰ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਪ੍ਰਵਾਨ ਕਰਨ ਦੀ ਬਜਾਏ ਸਗੋਂ ਟਾਲ ਮਟੋਲ ਦੀ ਨੀਤੀ ਅਪਣਾ ਰਿਹਾ ਹੈ ਇਨ੍ਹਾਂ ਦੋਸ਼ ਲਾਇਆ ਕਿ ਸਬੰਧਤ ਇੰਜੀਨੀਅਰ ਦੀ ਪੁਸਤ ਪਨਾਹੀ ਜਿੱਥੇ ਚੰਡੀਗੜ੍ਹ ਬੈਠੇ ਵੱਡੇ ਅਧਿਕਾਰੀ ਕਰ ਰਹੇ ਹਨ ਉੱਥੇ ਸੰਬੰਧਿਤ ਵਿਭਾਗ ਦੇ ਕੈਬਨਿਟ ਮੰਤਰੀ ਵੀ ਲੁਕਮੇ ਢੰਗ ਨਾਲ ਸੰਬੰਧਿਤ ਭਰਿਸ਼ਟ ਅਧਿਕਾਰੀਆਂ ਨੂੰ ਥਾਪੜਾ ਦੇ ਰਹੇ ਹਨ। ਇਹਨਾਂ ਜਿੱਥੇ ਮੁਲਾਜ਼ਮਾਂ ਦੇ ਸੰਘਰਸ਼ ਦੀ ਡਟਵੀਂ ਹਮਾਇਤ ਦਾ ਐਲਾਨ ਕੀਤਾ ਉੱਥੇ ਸੂਬਾ ਕਮੇਟੀ ਦੇ ਸੱਦੇ ਤੇ ਵੱਖ-ਵੱਖ ਡਵੀਜ਼ਨਾਂ, ਸਬ ਡਵੀਜ਼ਨਾਂ, ਜਿਵੇਂ ਮੋਰਿੰਡਾ ਕਜੌਲੀ, ਰੋਪੜ, ਮੋਹਾਲੀ ਫਤਿਹਗੜ੍ਹ ਸਾਹਿਬ ਵਿੱਖੇ ਕਾਰਜਕਾਰੀ ਇੰਜੀਨੀਅਰ ਤੇ ਪੰਜਾਬ ਸਰਕਾਰ ਦੀਆਂ ਅਰਥੀਆਂ ਫੂਕੀਆਂ ਜਾਣਗੀਆਂ ।ਮੀਟਿੰਗ ਦੌਰਾਨ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਉਪ ਮੰਡਲ ਇੰਜੀਨੀਅਰ ਨੰਬਰ ਦੋ ਰੋਪੜ ਵੱਲੋਂ ਦਰਜਾ ਚਾਰ ਮੁਲਾਜ਼ਮਾਂ ਦੀਆਂ ਨਜਾਇਜ਼ ਹਿਟਲਰ ਸ਼ਾਹੀ ਢੰਗ ਨਾਲ ਕੀਤੀਆਂ ਬਦਲੀਆਂ ਤੇ ਗੁਲਾਮਾਂ ਵਰਗਾ ਵਿਹਾਰ ਕਰਨ ਅਤੇ ਜਾਲੀ ਕਟੇਸ਼ਨਾਂ ਪਾ ਕੇ ਸਰਕਾਰੀ ਖਜ਼ਾਨੇ ਨੂੰ ਲੱਖਾਂ ਰੁਪਏ ਦਾ ਚੂਨਾ ਲਾਉਣ ਦਾ ਦੋਸ਼ ਲਾਇਆ ।ਉੱਥੇ ਨਾਲ ਹੀ ਡਵੀਜ਼ਨ ਨੰਬਰ ਇੱਕ ਤੇ ਦੋ ਮੋਹਾਲੀ ਅਧੀਨ ਲੰਮੇ ਸਮੇਂ ਤੋਂ ਲਗਾਤਾਰ ਕੰਮ ਕਰਦੇ ਆ ਰਹੇ ਸੈਂਕੜੇ ਆਊਟਸੋਰਸਿੰਗ ਮੁਲਾਜ਼ਮਾਂ ਦੀਆਂ ਤਿੰਨ ਮਹੀਨੇ ਤੋਂ ਤਨਖਾਹਾਂ ਜਾਰੀ ਨਾ ਕਰਕੇ ਆਊਟਸੋਰਸਿੰਗ ਮੁਲਾਜ਼ਮਾਂ ਨੂੰ ਭੁੱਖਮਰੀ ਵੱਲ ਧੱਕਿਆ ਜਾ ਰਿਹਾ ਹੈ ।ਇਹਨਾਂ ਚਤਾਵਨੀ ਦਿੱਤੀ ਕਿ ਜੇਕਰ ਆਟਸੋਰਸਿੰਗ ਮੁਲਾਜ਼ਮਾਂ ਦੀਆਂ ਤਨਖਾਹਾਂ ਇੱਕ ਹਫਤੇ ਵਿੱਚ ਜਾਰੀ ਨਾ ਕੀਤੀਆਂ । ਤਾਂ ਜਥੇਬੰਦੀ ਹੋਰਨਾਂ ਜਥੇਬੰਦੀਆਂ ਨੂੰ ਨਾਲ ਲੈ ਕੇ ਸੰਘਰਸ਼ ਲਈ ਮਜਬੂਰ ਹੋਵੇਗੀ ।ਮੀਟਿੰਗ ਵਿੱਚ ਅਮਰੀਕ ਸਿੰਘ ਖਿਦਰਾਵਾਦ ਜਰਨਲ ਸਕੱਤਰ ਮੋਹਾਲੀ ਤੇ ਰੋਪੜ ,ਸਰੂਪ ਸਿੰਘ ਮਾਜਰੀ ਸੂਬਾਈ ਆਗੂ, ਤਰਲੋਚਨ ਸਿੰਘ ਪ੍ਰਧਾਨ ਦੀਦਾਰ ਸਿੰਘ ਢਿੱਲੋਂ ਜਨਰਲ ਸਕੱਤਰ ਬਰਾਂਚ ਫਤਿਹਗੜ੍ਹ ਸਾਹਿਬ, ਵਿਜੇ ਕੁਮਾਰ ਆਊਟਸੋਰਸਿੰਗ ਆਗੂ ਬਰਾਂਚ ਕਜੌਲੀ , ਹਰਮੀਤ ਸਿੰਘ ਡੇਗਵਾਲਾ ,ਸੁਖ ਰਾਮ ਕਾਲੇਵਾਲ ਆਦੀ ਹਾਜਰ ਸਨ ।