ਕਾਰਗਿਲ ਵਿਜੇ ਦਿਵਸ: ਸਿਹਤ ਮੰਤਰੀ ਵੱਲੋਂ ਕਾਰਗਿਲ ਜੰਗ ਦੇ ਯੋਧਿਆਂ ਨੂੰ ਸ਼ਰਧਾਂਜਲੀ ਭੇਟ

ਚੰਡੀਗੜ੍ਹ ਪੰਜਾਬ

ਚੰਡੀਗੜ੍ਹ, 26 ਜੁਲਾਈ ,ਬੋਲੇ ਪੰਜਾਬ ਬਿਊਰੋ :


ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਇੱਥੇ ਕਾਰਗਿਲ ਵਿਜੇ ਦਿਵਸ ਦੀ 25ਵੀਂ ਵਰ੍ਹੇਗੰਢ ਮੌਕੇ ਜੰਗੀ ਯਾਦਗਾਰ ਵਿਖੇ ਕਾਰਗਿਲ ਜੰਗ ਦੇ ਮਹਾਨ ਯੋਧਿਆਂ ਨੂੰ ਸ਼ਰਧਾ ਦੇ ਫੁੱਲ ਅਰਪਣ ਕਰਦਿਆਂ ਸ਼ਰਧਾਜਲੀ ਭੇਟ ਕੀਤੀ।
ਜ਼ਿਕਰਯੋਗ ਹੈ ਕਿ ਕਾਰਗਿਲ ਯੁੱਧ (ਆਪ੍ਰੇਸ਼ਨ ਵਿਜੈ) ਮਈ ਤੋਂ ਜੁਲਾਈ 1999 ਤੱਕ ਜੰਮੂ-ਕਸ਼ਮੀਰ ਦੇ ਕਾਰਗਿਲ ਸੈਕਟਰ ਵਿੱਚ ਹੋਇਆ ਸੀ। ਭਾਰਤ ਦੀਆਂ ਹਥਿਆਰਬੰਦ ਸੈਨਾਵਾਂ ਦੇ ਬਹਾਦਰ ਜਵਾਨਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰਕੇ ਇਸ ਯੁੱਧ ਨੂੰ ਜਿੱਤਿਆ ਅਤੇ ਦੇਸ਼ ਦੀਆਂ ਸਰਹੱਦਾਂ ਤੋਂ ਦੁਸ਼ਮਣ ਸੈਨਿਕਾਂ ਨੂੰ ਬਾਹਰ ਕੱਢ ਕੇ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰਾਖੀ ਕੀਤੀ। ਇਸ ਜੰਗ ਦੌਰਾਨ ਪੰਜਾਬ ਦੇ 65 ਬਹਾਦਰ ਸਪੂਤਾਂ ਨੇ ਦੇਸ਼ ਲਈ ਆਪਣੀਆਂ ਕੁਰਬਾਨੀਆਂ ਦਿੱਤੀਆਂ ਸਨ। ਸਾਡੇ ਸ਼ਹੀਦਾਂ ਦੀਆਂ ਕੁਰਬਾਨੀਆਂ ਦਾ ਸਨਮਾਨ ਕਰਨ ਲਈ ਹਰ ਸਾਲ 26 ਜੁਲਾਈ ਨੂੰ ਦੇਸ਼ ਭਰ ਵਿੱਚ ਕਾਰਗਿਲ ਵਿਜੇ ਦਿਵਸ ਮਨਾਇਆ ਜਾਂਦਾ ਹੈ।


ਇਸ ਸਬੰਧੀ ਚੰਡੀਗੜ੍ਹ ਤੋਂ ਇਲਾਵਾ ਗੁਰਦਾਸਪੁਰ, ਬਠਿੰਡਾ, ਹੁਸ਼ਿਆਰਪੁਰ ਅਤੇ ਲੁਧਿਆਣਾ ਜ਼ਿਲ੍ਹਿਆਂ ਵਿਖੇ ਸਮਾਗਮ ਕਰਵਾਏ ਗਏ ਜਿੱਥੇ ਵੀਰ ਨਾਰੀਆਂ, ਵੀਰਤਾ ਪੁਰਸਕਾਰ ਜੇਤੂਆਂ ਅਤੇ ਕਾਰਗਿਲ ਅਪਰੇਸ਼ਨ ਦੇ ਦਿਵਿਆਂਗ ਸਿਪਾਹੀਆਂ ਨੂੰ ਸਿਆਸੀ ਸ਼ਖ਼ਸੀਅਤਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਨਮਾਨਿਤ ਕੀਤਾ ਗਿਆ।
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਸਮਾਗਮ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੰਜਾਬ ਦੇ ਸ਼ਹੀਦਾਂ ਅਤੇ ਸਾਬਕਾ ਸੈਨਿਕਾਂ ਦੇ ਪਰਿਵਾਰਾਂ ਦੀ ਭਲਾਈ ਅਤੇ ਮੁੜ ਵਸੇਬੇ ਲਈ ਵਚਨਬੱਧ ਹੈ।
ਉਨ੍ਹਾਂ ਭਰੋਸਾ ਦਿਵਾਇਆ ਕਿ ਸਾਬਕਾ ਸੈਨਿਕਾਂ/ਵਿਧਵਾਵਾਂ ਦੇ ਸਾਰੇ ਪ੍ਰਸਤਾਵਾਂ ਨੂੰ ਪਹਿਲ ਦੇ ਆਧਾਰ ‘ਤੇ ਮਨਜ਼ੂਰੀ ਦਿੱਤੀ ਜਾ ਰਹੀ ਹੈ ਅਤੇ ਸੂਬਾ ਸਰਕਾਰ ਉਨ੍ਹਾਂ ਦੀ ਭਲਾਈ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਹੈ।
ਇਸ ਮੌਕੇ ਕੈਬਨਿਟ ਮੰਤਰੀ ਨੇ ਸਾਬਕਾ ਸੈਨਿਕਾਂ, ਐਨ.ਸੀ.ਸੀ. ਕੈਡਿਟਾਂ ਅਤੇ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਅਤੇ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ ਵਿਦਿਆਰਥੀਆਂ ਨਾਲ ਗੱਲਬਾਤ ਵੀ ਕੀਤੀ।

Leave a Reply

Your email address will not be published. Required fields are marked *