ਐਨਆਰਆਈ ਦੇ ਘਰ ‘ਤੇ ਗੋਲੀਬਾਰੀ,ਫਿਰੌਤੀ ਨਾ ਦੇਣ ‘ਤੇ ਕੀਤੀ ਵਾਰਦਾਤ

ਚੰਡੀਗੜ੍ਹ ਪੰਜਾਬ


ਅੰਮ੍ਰਿਤਸਰ, 26 ਜੁਲਾਈ, ਬੋਲੇ ਪੰਜਾਬ ਬਿਊਰੋ :


ਅੰਮ੍ਰਿਤਸਰ ‘ਚ ਇਕ ਐਨਆਰਆਈ ਦੇ ਘਰ ‘ਤੇ ਕਈ ਰਾਊਂਡ ਫਾਇਰਿੰਗ ਦੀ ਘਟਨਾ ਸਾਹਮਣੇ ਆਈ ਹੈ। ਹਾਲਾਂਕਿ ਇਸ ਘਟਨਾ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਹ ਘਟਨਾ ਮੰਗਲਵਾਰ ਰਾਤ ਅੰਮ੍ਰਿਤਸਰ ਦੇ ਅੱਡਾ ਜੈਂਤੀਪੁਰ ਵਿਖੇ ਵਾਪਰੀ। ਬਾਈਕ ਸਵਾਰ ਤਿੰਨ ਨੌਜਵਾਨਾਂ ਨੇ ਐਨਆਰਆਈ ਸੁਖਚਰਨ ਸਿੰਘ ਬੱਲ ਦੇ ਘਰ ‘ਤੇ ਇੱਕੋ ਸਮੇਂ ਕਈ ਗੋਲੀਆਂ ਚਲਾਈਆਂ ਅਤੇ ਮੌਕੇ ਤੋਂ ਫ਼ਰਾਰ ਹੋ ਗਏ। 
ਐਨਆਰਆਈ ਸੁਖਚਰਨ ਸਿੰਘ ਬੱਲ ਆਸਟਰੇਲੀਆ ਵਿੱਚ ਰਹਿੰਦਾ ਹੈ ਪਰ ਮੁਲਜ਼ਮਾਂ ਨੇ ਪਹਿਲਾਂ ਉਸ ਤੋਂ ਫਿਰੌਤੀ ਦੀ ਮੰਗ ਕੀਤੀ ਸੀ। ਪੈਸੇ ਦੇਣ ਤੋਂ ਇਨਕਾਰ ਕਰਨ ‘ਤੇ ਅੰਮ੍ਰਿਤਸਰ ਦੇ ਅੱਡਾ ਜੈਂਤੀਪੁਰ ਸਥਿਤ ਘਰ ‘ਤੇ ਫਾਇਰਿੰਗ ਕੀਤੀ ਗਈ।ਦੋਸ਼ ਹੈ ਕਿ ਇਸ ਘਟਨਾ ਨੂੰ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰਾਂ ਨੇ ਅੰਜਾਮ ਦਿੱਤਾ। 
ਏਐਸਆਈ ਰਾਜਿੰਦਰਪਾਲ ਸਿੰਘ ਨੇ ਦੱਸਿਆ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਸਾਥੀਆਂ ਨੇ ਪਹਿਲਾਂ ਅੱਡਾ ਜੈਂਤੀਪੁਰ ਵਿੱਚ ਆਸਟ੍ਰੇਲੀਆ ਰਹਿੰਦੇ ਐਨਆਰਆਈ ਨੂੰ ਫ਼ੋਨ ‘ਤੇ ਧਮਕੀਆਂ ਦਿੱਤੀਆਂ ਅਤੇ ਫਿਰੌਤੀ ਦੀ ਮੰਗ ਕੀਤੀ। ਇਸ ਤੋਂ ਬਾਅਦ ਬਿਸ਼ਨੋਈ ਦੇ ਸਾਥੀਆਂ ਨੇ ਜੈਂਤੀਪੁਰ ਵਿੱਚ ਐਨਆਰਆਈ ਦੇ ਘਰ ਦੇ ਬਾਹਰ ਗੋਲੀਆਂ ਚਲਾਈਆਂ।
ਸੂਚਨਾ ਮਿਲਦੇ ਹੀ ਉਹ ਮੌਕੇ ‘ਤੇ ਪਹੁੰਚੇ ਤਾਂ ਦੋਸ਼ੀ ਪੁਲਸ ਦੀ ਗੱਡੀ ਨੂੰ ਦੇਖ ਕੇ ਮੌਕੇ ਤੋਂ ਫਰਾਰ ਹੋ ਗਏ। ਪੁਲੀਸ ਨੇ ਜਦੋਂ ਘਟਨਾ ਦਾ ਜਾਇਜ਼ਾ ਲਿਆ ਤਾਂ ਉਥੋਂ ਗੋਲੀਆਂ ਦੇ ਅੱਠ ਖੋਲ ਬਰਾਮਦ ਹੋਏ। ਉਨ੍ਹਾਂ ਦੱਸਿਆ ਕਿ ਤਿੰਨ ਹਮਲਾਵਰ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਏ ਸਨ। ਆਸਟ੍ਰੇਲੀਆ ਰਹਿੰਦੇ ਪ੍ਰਵਾਸੀ ਭਾਰਤੀ ਸੁਖਚਰਨ ਸਿੰਘ ਬੱਲ ਦੀ ਸ਼ਿਕਾਇਤ ‘ਤੇ ਅਣਪਛਾਤੇ ਹਮਲਾਵਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

Leave a Reply

Your email address will not be published. Required fields are marked *