ਕਿਹਾ, ਲੋੜਵੰਦ ਔਰਤਾਂ ਵੱਲੋਂ ਹੈਲਪਲਾਈਨ ‘ਤੇ ਸੰਪਰਕ ਕਰਨ ‘ਤੇ ਵਿਭਾਗ ਵੱਲੋਂ ਕੀਤੀ ਜਾਂਦੀ ਹੈ ਤੁਰੰਤ ਕਾਰਵਾਈ
ਚੰਡੀਗੜ੍ਹ, 25 ਜੁਲਾਈ,ਬੋਲੇ ਪੰਜਾਬ ਬਿਊਰੋ :
ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਸੂਬੇ ਦੀਆਂ ਲੋੜਵੰਦ ਔਰਤਾਂ ਨੂੰ ਤੁਰੰਤ ਅਤੇ ਐਮਰਜੈਂਸੀ ਸਹਾਇਤਾ ਪ੍ਰਦਾਨ ਕਰਨ ਲਈ ਮਹਿਲਾ ਹੈਲਪਲਾਈਨ ਨੰਬਰ 181 ਯੋਜਨਾ ਚਲਾਈ ਜਾ ਰਹੀ ਹੈ। ਮਹਿਲਾ ਹੈਲਪਲਾਈਨ ਨੰਬਰ 181 ਸੂਬੇ ਦੀਆਂ ਮਹਿਲਾਵਾਂ ਲਈ ਵਰਦਾਨ ਸਾਬਿਤ ਹੋ ਰਹੀ ਹੈ। ਇਸ ਦਾ ਪ੍ਰਗਟਾਵਾ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕੀਤਾ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਲੋੜਵੰਦ ਔਰਤਾਂ ਨੂੰ ਤੁਰੰਤ ਅਤੇ ਐਮਰਜੈਂਸੀ ਸਹਾਇਤਾ ਪ੍ਰਦਾਨ ਕਰਨ ਲਈ ਮਹਿਲਾ ਹੈਲਪਲਾਈਨ ਨੰਬਰ 181 ਯੋਜਨਾ ਇੱਕ ਬਿਹਤਰੀਨ ਉਪਰਾਲਾ ਹੈ ਜਿਸ ਦਾ ਉਦੇਸ਼ ਹਿੰਸਾ ਤੋਂ ਪ੍ਰਭਾਵਿਤ ਔਰਤਾਂ ਨੂੰ 24 ਘੰਟੇ ਤੁਰੰਤ ਅਤੇ ਐਮਰਜੈਂਸੀ ਸਹਾਇਤਾ ਪ੍ਰਦਾਨ ਕਰਨਾ ਹੈ। ਉਨ੍ਹਾਂ ਦੱਸਿਆ ਕਿ ਕੋਈ ਵੀ ਜਰੂਰਤਮੰਦ ਔਰਤ ਜਿਸ ਨਾਲ ਕਿਸੇ ਵੀ ਤਰਾਂ ਦੀ ਕੋਈ ਹਿੰਸਾ ਜਾ ਧੱਕਾ ਹੋ ਰਿਹਾ ਹੈ ਹੋਵੇ, ਉਹ ਮਹਿਲਾ ਹੈਲਪਲਾਈਨ ਨੰਬਰ 181 ‘ਤੇ ਫੋਨ ਕਰਕੇ ਮਦਦ ਮੰਗ ਸਕਦੀ ਹੈ।
ਮੰਤਰੀ ਨੇ ਅੱਗੇ ਦੱਸਿਆ ਕਿ ਮਹਿਲਾ ਹੈਲਪਲਾਈਨ ‘ਤੇ ਲਗਭਗ 150 ਫੋਨ ਜ਼ਰੂਰਤਮੰਦ ਔਰਤਾਂ ਵਲੋਂ ਹਰ ਰੋਜ਼ ਕੀਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਹਰ ਮਹੀਨੇ ਲਗਭਗ 4 ਤੋਂ 5 ਹਜਾਰ ਲੋੜਵੰਦ ਔਰਤਾਂ ਨੂੰ ਮਹਿਲਾ ਹੈਲਪਲਾਈਨ ਨੰਬਰ 181 ਰਾਹੀ ਲੋੜੀਂਦੀ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਲੋੜਵੰਦ ਔਰਤ ਜਿਸ ਨਾਲ ਕੋਈ ਬੇਇਨਸਾਫ਼ੀ ਹੋ ਰਹੀ ਹੈ ਜਾਂ ਕੋਈ ਹਿੰਸਾ ਹੋ ਰਹੀ ਹੈ, ਉਹ ਪੰਜਾਬ ਦੇ ਕਿਸੇ ਕੋਨੇ ਤੋਂ ਵੀ ਇਸ ਹੈਲਪਲਾਈਨ ‘ਤੇ ਫੋਨ ਕਰਕੇ ਮਦਦ ਮੰਗ ਸਕਦੀ ਹੈ। ਔਰਤਾਂ ਨੂੰ ਸੂਬੇ ਵਿਚ ਸਥਾਪਿਤ ਵਨ ਸਟਾਪ ਸੈਂਟਰਾਂ ਅਤੇ ਵਿਭਾਗ ਅਧੀਨ ਚੱਲ ਰਹੇ ਦਫਤਰਾਂ ਵੱਲੋਂ ਤੁਰੰਤ ਮਦਦ ਕਰਨ ਲਈ ਕਾਰਵਾਈ ਵਿੱਢੀ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਸਰਕਾਰ ਵੱਲੋਂ ਔਰਤਾਂ ਦੇ ਸਸ਼ਕਤੀਕਰਨ ਲਈ ਜ਼ਿਲ੍ਹਾ ਹੱਬ ਨਾਲ ਜੋੜਿਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਸ ਯੋਜਨਾ ਦਾ ਮੁੱਖ ਉਦੇਸ਼ ਮਹਿਲਾ ਵਰਗ ਦੀ ਹਰ ਤਰ੍ਹਾਂ ਨਾਲ ਸੁਰੱਖਿਆ ਕਰਨਾ ਹੈ। ਉਨ੍ਹਾਂ ਦੱਸਿਆ ਕਿ ਲੋੜਵੰਦ ਔਰਤਾਂ ਜਾਂ ਲੜਕੀਆਂ ਫੌਰੀ ਤੌਰ ਤੇ’ ਸਹਾਇਤਾ ਲੈਣ ਲਈ ਮਹਿਲਾ ਹੈਲਪਲਾਈਨ ਨੰਬਰ 181 ‘ਤੇ ਸੰਪਰਕ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਔਰਤਾਂ ਦੀ ਭਲਾਈ ਲਈ ਵਚਨਬੱਧ ਹੈ।