29 ਜੁਲਾਈ ਨੂੰ ਸ਼ਹਿਰ ਗਿੱਦੜਬਾਹਾ ਦੇ ਗਲੀਆਂ ਬਜ਼ਾਰਾਂ ਵਿੱਚ ਕੀਤੇ ਜਾਣ ਵਾਲੇ ਵਿਸ਼ਾਲ ਰੋਸ ਮਾਰਚ ਵਿੱਚ ਭ੍ਰਿਸ਼ਟਾਚਾਰ ਦੀ ਪੋਲ
ਗਿੱਦੜਬਾਹਾ,25, ਜੁਲਾਈ ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ) :
ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ਼ ਯੂਨੀਅਨ ਬ੍ਰਾਂਚ ਗਿੱਦੜਬਾਹਾ ਵੱਲੋਂ ਕਾਰਜਕਾਰੀ ਇੰਜੀਨੀਅਰ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਮੰਡਲ ਨੰਬਰ 2 ਬਠਿੰਡਾ ਖ਼ਿਲਾਫ਼ ਵਰਕਰਾਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਮਨਵਾਉਣ ਖਾਤਿਰ ਲਗਾਤਾਰ ਆਰੰਭ ਕੀਤਾ ਗਿਆ ਵਿਸ਼ਾਲ ਰੋਸ ਪ੍ਰਦਰਸ਼ਨ ਅੱਜ ਪੰਜਵੇਂ ਦਿਨ ਵੀ ਜਾਰੀ ਰਿਹਾ ਦਿਲਚਸਪ ਗੱਲ ਇਹ ਹੈ ਕਿ ਲਗਾਤਾਰ ਪੰਜ ਦਿਨਾਂ ਤੋਂ ਸੀਵਰੇਜ ਨਾਲ ਸਬੰਧਿਤ ਜੇ.ਈ. ਸਾਹਿਬ ਇੱਕ ਦਿਨ ਵੀ ਸ਼ਹਿਰ ਗਿੱਦੜਬਾਹਾ ਵਿਖੇ ਨਹੀਂ ਆਏ ਜਦੋਂਕਿ ਇਨ੍ਹਾਂ ਬਾਰਿਸ਼ਾਂ ਦੇ ਦਿਨਾਂ ਵਿੱਚ ਸੀਵਰੇਜ ਦਾ ਗੰਦਾ ਪਾਣੀ ਸ਼ਹਿਰ ਗਿੱਦੜਬਾਹਾ ਦੀਆਂ ਸੜਕਾਂ ਅਤੇ ਗਲੀਆਂ ਵਿੱਚ ਅਠਖੇਲੀਆਂ ਕਰਦਾ ਫਿਰਦਾ ਹੈ।ਇੱਥੇ ਇਹ ਜ਼ਿਕਰਯੋਗ ਹੈ ਕਿ ਜੇ.ਈ. ਕੇਡਰ ਦਾ ਕੋਈ ਵੀ ਅਧਿਕਾਰੀ ਆਪਣੇ ਉੱਚ ਅਧਿਕਾਰੀਆਂ ਤੋਂ ਸਟੇਸ਼ਨ ਲੀਵ ਮੰਨਜੂਰ ਕਰਵਾਏ ਬਿਨਾਂ ਆਪਣਾ ਹੈੱਡ ਕੁਆਰਟਰ ਨਹੀਂ ਛੱਡ ਸਕਦਾ ਪ੍ਰੰਤੂ ਉਕਤ ਜੇ.ਈ ਸਾਹਿਬ ਵੱਲੋਂ ਇੰਨੀ ਵੱਡੀ ਅਣਗਹਿਲੀ ਵਰਤੀ ਜਾ ਰਹੀ ਹੈ ਜਦੋਂਕਿ ਕੁੱਝ ਦਿਨ ਪਹਿਲਾਂ ਪੰਜਾਬ ਦੇ ਕੁੱਝ ਹਿੱਸਿਆਂ ਵਿੱਚ ਪੀਣ ਵਾਲੇ ਪਾਣੀ ਵਿੱਚ ਗੰਦਾ ਪਾਣੀ ਮਿਕਸ ਹੋਣ ਕਾਰਣ ਡਾਇਰੀਆ ਵਰਗੀਆਂ ਬਿਮਾਰੀਆਂ ਫੈਲ ਚੁੱਕੀਆਂ ਹਨ ਅਤੇ ਸ਼ਹਿਰ ਗਿੱਦੜਬਾਹਾ ਵਿੱਚ ਅਜਿਹਾ ਖਤਰਾ ਬਣਿਆ ਹੋਇਆ ਹੈ।ਜਥੇਬੰਦੀ ਦੇ ਆਗੂਆਂ ਨੇ ਮਾਨਯੋਗ ਮੁੱਖ ਮੰਤਰੀ ਜੀ ਪੰਜਾਬ ਸਰਕਾਰ ਅਤੇ ਮਾਨਯੋਗ ਮੰਤਰੀ ਜੀ ਸਿਹਤ ਵਿਭਾਗ ਪੰਜਾਬ ਸਰਕਾਰ ਜੀ ਤੋਂ ਮੰਗ ਕੀਤੀ ਕਿ ਇੰਨੀ ਵੱਡੀ ਲਾਪਰਵਾਹੀ ਕਰਨ ਵਾਲੇ ਸੀਵਰੇਜ ਨਾਲ ਸਬੰਧਿਤ ਜੇ. ਈ. ਸਾਹਿਬ ਖ਼ਿਲਾਫ਼ ਜਾਂਚ ਪੜਤਾਲ ਕਰਕੇ ਬਣਦੀ ਕਾਰਵਾਈ ਕੀਤੀ ਜਾਵੇ। ਅੱਜ ਦੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਜੁਗਿੰਦਰ ਸਿੰਘ ਸਮਾਘ ਨੇ ਦੱਸਿਆ ਕਿ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਖਾਤਿਰ ਲਗਾਤਾਰ ਪਿਛਲੇ ਪੰਜ ਦਿਨਾਂ ਤੋਂ ਜੱਦੋਜਹਿਦ ਕਰ ਰਹੇ ਮੁਲਾਜ਼ਮਾਂ ਦੀ ਸਾਰ ਲੈਣ ਲਈ ਇੱਕ ਵੀ ਅਧਿਕਾਰੀ ਨਹੀਂ ਪਹੁੰਚਿਆ ਜਦੋਂਕਿ ਇਹ ਮੁਲਾਜ਼ਮ ਦਿਨ ਰਾਤ ਸ਼ਿਫਟਾਂ ਵਿੱਚ ਡਿਊਟੀਆਂ ਕਰਕੇ ਗਿੱਦੜਬਾਹਾ ਦੇ ਵਸਨੀਕਾਂ ਨੂੰ ਪਾਣੀ ਦੀ ਸਪਲਾਈ ਕਰ ਰਹੇ ਹਨ ਅਤੇ ਸੀਵਰੇਜ ਸਿਸਟਮ ਨੂੰ ਚੱਲਦਾ ਰੱਖਣ ਲਈ ਕੋਸ਼ਿਸ਼ਾਂ ਕਰ ਰਹੇ ਹਨ ਪ੍ਰੰਤੂ ਦਫ਼ਤਰ ਉਪ ਮੰਡਲ ਇੰਜੀਨੀਅਰ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਉਪ ਮੰਡਲ ਮਲੋਟ ਜਿੱਥੇ ਕਿ ਇੱਕ ਸਬ ਡਵੀਜ਼ਨ ਵਿੱਚ ਦੋ-ਦੋ ਐੱਸ.ਡੀ.ਓ. ਲਾਏ ਹੋਏ ਹਨ ਅਤੇ ਸਰਕਾਰੀ ਖ਼ਜ਼ਾਨੇ ਵਿੱਚੋਂ ਬਿਨਾਂ ਲੋੜ ਤੋਂ ਇੱਕ ਐੱਸ.ਡੀ.ਓ ਵਾਧੂ ਤਨਖਾਹ ਲੈ ਰਿਹਾ ਹੈ।ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਪ ਮੰਡਲ ਮਲੋਟ ਵਿਖੇ ਜੋ ਅਧਿਕਾਰੀ ਸੇਵਾ ਮੁਕਤ ਹੋਣ ਤੋਂ ਬਾਅਦ ਕੰਟਰੈਕਟ ਦੇ ਆਧਾਰ ਤੇ ਐੱਸ.ਡੀ.ਓ ਲਾਇਆ ਹੋਇਆ ਹੈ ਅਤੇ ਕਿਸੇ ਚਿੱਠੀ ਪੱਤਰ ਉੱਪਰ ਆਪਣੇ ਦਸਤਖ਼ਤ ਵੀ ਨਹੀਂ ਕਰ ਸਕਦਾ ਉਸ ਨੂੰ ਕਿਉਂ ਵਾਧੂ ਤੌਰ ਤੇ ਰੱਖਿਆ ਹੋਇਆ ਹੈ,ਇਸ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ।
ਆਪਣੇ ਸੰਬੋਧਨ ਵਿੱਚ ਜਨਰਲ ਸਕੱਤਰ ਹਰਪ੍ਰੀਤ ਸਿੰਘ ਭਲਾਈਆਣਾ ਨੇ ਦੱਸਿਆ ਕਿ ਜੇਕਰ ਸੀਵਰੇਜ ਬੋਰਡ ਦੇ ਅਧਿਕਾਰੀਆਂ ਵੱਲੋਂ ਜਥੇਬੰਦੀ ਨੂੰ ਮੀਟਿੰਗ ਦਾ ਸੱਦਾ ਦੇ ਕੇ ਮੰਗਾਂ ਮਸਲਿਆਂ ਦਾ ਨਿਪਟਾਰਾ ਨਾ ਕੀਤਾ ਤਾਂ ਪਹਿਲਾਂ ਦਿੱਤੇ ਹੋਏ ਪ੍ਰੋਗਰਾਮ ਅਨੁਸਾਰ 29 ਜੁਲਾਈ 2024 ਨੂੰ ਸ਼ਹਿਰ ਗਿੱਦੜਬਾਹਾ ਦੇ ਗਲੀਆਂ ਬਜ਼ਾਰਾਂ ਵਿੱਚ ਵਿਸ਼ਾਲ ਰੋਸ ਮਾਰਚ ਕੱਢ ਕੇ ਉਕਤ ਅਧਿਕਾਰੀਆਂ ਵੱਲੋਂ ਸੀਵਰੇਜ ਸਿਸਟਮ ਦੇ ਨਵੀਨੀਕਰਨ ਦੌਰਾਨ ਵੱਡੇ ਪੱਧਰ ਤੇ ਕੀਤੀਆਂ ਗਈਆਂ ਬੇਨਿਯਮਿਆਂ ਦਾ ਪਰਦਾਫਾਸ਼ ਕੀਤਾ ਜਾਵੇਗਾ।ਇਸ ਵਿਸ਼ਾਲ ਰੋਸ ਮਾਰਚ ਵਿੱਚ ਬ੍ਰਾਂਚ ਗਿੱਦੜਬਾਹਾ ਦੇ ਵਰਕਰਾਂ ਤੋਂ ਇਲਾਵਾ ਬ੍ਰਾਂਚ ਮਲੋਟ,ਬ੍ਰਾਂਚ ਸ਼੍ਰੀ ਮੁਕਤਸਰ ਸਾਹਿਬ ਅਤੇ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਆਗੂ ਅਤੇ ਵਰਕਰ ਵੱਡੀ ਗਿਣਤੀ ਵਿੱਚ ਸ਼ਾਮਲ ਹੋਣਗੇ।ਮੁੱਖ
ਮੰਗਾਂ ਵਿੱਚ ਤਨਖ਼ਾਹਾਂ ਸਮੇਂ ਸਿਰ ਦੇਣੀਆਂ,ਸਰਕਾਰ ਦੇ ਨਿਯਮਾਂ ਅਨੁਸਾਰ ਕਰਮਚਾਰੀਆਂ ਨੂੰ ਤਨਖ਼ਾਹਾਂ ਦੇਣੀਆਂ,ਕੀਤੇ ਗਏ ਵਾਅਦੇ ਅਨੁਸਾਰ ਸਵਰਗੀ ਬਿੱਟੂ ਰਾਮ ਪੰਪ ਆਪਰੇਟਰ ਦੇ ਪਰਿਵਾਰ ਦੇ ਮੈਂਬਰ ਨੂੰ ਰੈਗੂਲਰ ਨੌਕਰੀ ਦੇਣੀ, ਆਊਟ ਸੋਰਸਿੰਗ ਕਰਮਚਾਰੀਆਂ ਦਾ ਮਹੀਨਾ 02/2024 ਤੋਂ ਲੈ ਕੇ ਅੱਜ ਤੱਕ ਦਾ ਪੀ.ਐੱਫ. ਸਬੰਧਤ ਕਰਮਚਾਰੀਆਂ ਦੇ ਖਾਤੇ ਵਿੱਚ ਜਮ੍ਹਾਂ ਕਰਵਾਉਣਾ ਅਤੇ ਪਿੰਕੀ ਰਾਣੀ ਕਲਰਕ ਦੀ ਗੈਰਕਾਨੂੰਨੀ ਤਰੀਕੇ ਨਾਲ ਰੋਕੀ ਗਈ ਤਨਖਾਹ ਜਾਰੀ ਕਰਨੀ ਆਦਿ ਹਨ।ਅੱਜ ਦੇ ਧਰਨੇ ਨੂੰ ਕੁਲਦੀਪ ਸ਼ਰਮਾ,ਬਨਾਰਸੀ ਦਾਸ ਬਾਦਲ,ਓਮਕਾਰ ਯਾਦਵ, ਬਲਵੰਤ ਕੁਮਾਰ ਅਤੇ ਸਮਰਪਾਲ ਨੇ ਸੰਬੋਧਨ ਕੀਤਾ।
ਅੱਜ ਦੇ ਧਰਨੇ ਵਿੱਚ ਹੋਰਨਾਂ ਤੋਂ ਇਲਾਵਾ ਜਥੇਬੰਦੀ ਦੇ ਬਾਬਾ ਬੋਹੜ ਟਹਿਲ ਸਿੰਘ ਬਰਾੜ,ਖੁਸ਼ਵਿੰਦਰ ਸ਼ਰਮਾ,ਬਲਤੇਜ ਸਿੰਘ ਤੇਜੀ,ਸੁਖਦੇਵ ਸਿੰਘ ਕਾਕਾ, ਕੁਲਵਿੰਦਰ ਸਿੰਘ ਖਾਲਸਾ,
ਗੁਰਪ੍ਰੀਤ ਬਾਦਲ, ਮਨਦੀਪ ਸਿੰਘ ਦੰਦੀਵਾਲ,ਜਗਮੀਤ ਸਿੰਘ ਮਾਨ,ਜਗਤਾਰ ਸਿੰਘ ਸੋਨੀ,ਪਿੰਕੀ ਰਾਣੀ,ਮਹਿੰਦਰ ਕੁਮਾਰ,ਜਸਪਾਲ ਸ਼ਰਮਾ ਜਸਵੰਤ ਸਿੰਘ ਗਿਆਨੀ,ਜੈ ਕਿਸ਼ਨ,ਬਿੰਨੀ ਕੁਮਾਰ,ਸੁਰੇਸ਼ ਕੁਮਾਰ ਅਤੇ ਪਵਨ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਸਾਥੀ ਸ਼ਾਮਲ ਹੋਏ।