ਨਵੀਂ ਦਿੱਲੀ 24 ਜੁਲਾਈ ,ਬੋਲੇ ਪੰਜਾਬ ਬਿਊਰੋ :
– ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥ ਦੀ ਇਕ ਮਾਣਮੱਤੀ ਤੇ ਨੁਮਾਇੰਦਾ ਸੰਸਥਾ ਹੈ । ਜਿਹੜੀ ਕਿ ਅੱਜ ਵਿੱਤੀ ਦੇਣਦਾਰੀਆਂ ਦੇ ਚੱਲਦਿਆਂ ਦੀਵਾਲੀਆ ਹੋਣ ਦੀ ਕਗਾਰ ਤੇ ਪਹੁੰਚ ਚੁੱਕੀ ਹੈ । ਇਸ ਲਈ ਹਰ ਦੂਜੇ ਦਿਨ ਪ੍ਰੈਸ ਕਾਨਫਰੰਸਾਂ ਕਰਕੇ ਹੋਰਾਂ ਤੇ ਚਿੱਕੜ ਸੁੱਟਣ ਦੀ ਬਜਾਏ ਇਸਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਇੱਕ ਪ੍ਰੈੱਸ ਕਾਨਫਰੰਸ ਕਮੇਟੀ ਦੀਆਂ 700 ਕਰੋੜ ਤੋਂ ਉੱਪਰ ਪਹੁੰਚ ਚੁੱਕੀਆਂ ਵਿੱਤੀ ਦੇਣਦਾਰੀਆਂ ਬਾਰੇ ਵੀ ਕਰਨ ਤੇ ਕੌਮ ਨੂੰ ਦੱਸਣ ਕਿ ਉਹਨਾਂ ਨੇ ਕਿੱਥੇ – ਕਿੱਥੇ ਤੇ ਕਿੰਨੇ ਪੈਸੇ ਦੇਣੇ ਹਨ । ਇਹਨਾਂ ਗੱਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸ. ਜਤਿੰਦਰ ਸਿੰਘ ਸੋਨੂੰ ਨੇ ਦਿੱਲੀ ਕਮੇਟੀ ਦੇ ਆਰਥਿਕ ਸੰਕਟ ਤੇ ਟਿੱਪਣੀ ਕਰਦਿਆਂ ਕਹੀ ।
ਜਤਿੰਦਰ ਸਿੰਘ ਸੋਨੂੰ ਨੇ ਕਿਹਾ ਕਿ, “ ਕਮੇਟੀ ‘ਚ ਇਹ ਨੌਬਤ ਤੱਕ ਆ ਗਈ ਹੈ ਕਿ ਘੱਟ ਸੰਗਤ ਹੋਣ ਦਾ ਬਹਾਨਾ ਬਣਾ ਕਿ 12 ਵਜੇ ਤੋਂ ਬਾਅਦ ਇਤਿਹਾਸਕ ਗੁਰਦੁਆਰਾ ਸਾਹਿਬਾਨਾਂ ਵਿੱਚ ਏ.ਸੀ ਤੱਕ ਬੰਦ ਕਰ ਦਿੱਤੇ ਜਾਂਦੇ ਕੀ ਦਿੱਲੀ ਕਮੇਟੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਜ਼ਰਾ ਵੀ ਸਤਿਕਾਰ ਨਹੀਂ ਕੀ ਉਹਨਾਂ ਨੂੰ ਨਹੀਂ ਪਤਾ ਕਿ ਇਹ ਏ ਸੀ ਸਿਰਫ ਸੰਗਤ ਲਈ ਹੀ ਨਹੀਂ ਅਸੀ ਹਾਜ਼ਰ ਨਾਜ਼ਰ ਗੁਰੂ ਮੰਨ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਈ ਵੀ ਲਗਾਉੰਦੇ ਹਾਂ “ ਉਹਨਾਂ ਕਿਹਾ ਕਿ , “ ਪਰ ਅਸਲ ਗੱਲ ਇਹ ਹੈ ਕਿ ਕਮੇਟੀ ਕੋਲ ਬਿਜਲੀ ਦੇ ਬਿੱਲ ਦੇਣ ਦੇ ਵੀ ਪੈਸੇ ਨਹੀ ਜਿਸ ਲਈ ਇਹੋ ਜਿਹੀਆਂ ਬੱਚਤਾਂ ਕਰਨ ਨੂੰ ਫਿਰਦੇ ਹਨ ਪਰ ਦੂਜੇ ਪਾਸੇ ਕਮੇਟੀ ਦੇ ਆਪਣੇ ਕੁਝ ਚਹੇਤੇ ਮੈਂਬਰਾਂ ਨੂੰ ਦਿੱਤੀਆਂ ਕਾਰਾਂ ਉਹਨਾਂ ਨੇ ਟੈਕਸੀ ਵਜੋਂ ਪਾ ਕੇ ਆਮਦਨ ਦਾ ਸਾਧਨ ਬਣਾਈਆਂ ਹੋਈਆਂ ਹਨ ਤੇ ਸੰਸਥਾਵਾਂ ਵਿੱਚੋਂ ਪੁਰਾਣੇ ਉਤਾਰੇ ਜਾਂਦੇ ਏ ਸੀ ਇਹਨਾਂ ਦੇ ਚਹੇਤੇ ਮੈੰਬਰ ਆਪਣੇ ਘਰਾਂ ਨੂੰ ਲੈ ਜਾ ਰਹੇ ਹਨ ।”
ਜਤਿੰਦਰ ਸਿੰਘ ਸੋਨੂੰ ਨੇ ਕਿਹਾ ਕਿ , “ ਇਸ ਲਈ ਕਮੇਟੀ ਦੇ ਪ੍ਰਬੰਧਕ ਪਹਿਲਾਂ ਆਪਣੇ ਅੰਦਰ ਝਾਕਣ ਤੇ ਕੌਮ ਨੂੰ ਕਮੇਟੀ ਦੇ ਵਿੱਤੀ ਸੰਕਟ ਦੀ ਸਹੀ ਰਿਪੋਰਟ ਪੇਸ਼ ਕਰਨ ।”