29 ਜੁਲਾਈ ਨੂੰ ਕੀਤਾ ਜਾਵੇਗਾ ਸ਼ਹਿਰ ਗਿੱਦੜਬਾਹਾ ਦੇ ਬਜ਼ਾਰਾਂ ਵਿੱਚ ਵਿਸ਼ਾਲ ਰੋਸ ਪ੍ਰਦਰਸ਼ਨ
ਗਿੱਦੜਬਾਹਾ,24 ਜੁਲਾਈ ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ):
ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ਼ ਯੂਨੀਅਨ ਬ੍ਰਾਂਚ ਗਿੱਦੜਬਾਹਾ ਵੱਲੋਂ ਕਾਰਜਕਾਰੀ ਇੰਜੀਨੀਅਰ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਮੰਡਲ ਨੰਬਰ 2 ਬਠਿੰਡਾ ਖ਼ਿਲਾਫ਼ ਵਰਕਰਾਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਮਨਵਾਉਣ ਖਾਤਿਰ ਲਗਾਤਾਰ ਆਰੰਭ ਕੀਤਾ ਗਿਆ ਵਿਸ਼ਾਲ ਰੋਸ ਪ੍ਰਦਰਸ਼ਨ ਅੱਜ ਚੌਥੇ ਦਿਨ ਵੀ ਜਾਰੀ ਰਿਹਾ ਪ੍ਰੰਤੂ ਬਹੁਤ ਅਫਸੋਸ ਦੀ ਗੱਲ ਹੈ ਕਿ ਸੀਵਰੇਜ ਬੋਰਡ ਦਾ ਇੱਕ ਵੀ ਅਧਿਕਾਰੀ ਆਪਣੇ ਹੱਕਾਂ ਲਈ ਆਵਾਜ਼ ਉਠਾ ਰਹੇ ਮੁਲਾਜ਼ਮਾਂ ਦੀ ਗੱਲ ਸੁਨਣ ਲਈ ਨਹੀਂ ਪਹੁੰਚਿਆ।ਧਰਨੇ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਜੁਗਿੰਦਰ ਸਿੰਘ ਸਮਾਘ ਨੇ ਦੱਸਿਆ ਕਿ ਮੇਨ ਵਾਟਰ ਵਰਕਸ ਸ਼ਹਿਰ ਗਿੱਦੜਬਾਹਾ ਅਤੇ ਸ਼ਹਿਰ ਦੇ ਵੱਖ ਵੱਖ ਸੀਵਰੇਜ ਸਿਸਟਮ ਤੇ ਕੰਮ ਕਰਦੇ ਰੈਗੂਲਰ ਅਤੇ ਆਊਟ ਸੋਰਸਿੰਗ ਕਰਮਚਾਰੀਆਂ ਨੂੰ ਹਰੇਕ ਮਹੀਨੇ ਤਨਖ਼ਾਹਾਂ ਮਹੀਨੇ ਦੇ ਅਖੀਰ ਵਿੱਚ ਦਿੱਤੀਆਂ ਜਾਂਦੀਆਂ ਹਨ ਜਦੋਂਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹਰੇਕ ਮਹੀਨੇ ਦੀ 7 ਤਰੀਕ ਤੱਕ ਤਨਖ਼ਾਹਾਂ ਦੇਣੀਆਂ ਜ਼ਰੂਰੀ ਹੁੰਦੀਆਂ ਹਨ।ਉਨ੍ਹਾਂ ਅੱਗੇ ਦੱਸਿਆ ਕਿ ਸੀਵਰੇਜ ਬੋਰਡ ਦੇ ਅਧਿਕਾਰੀਆਂ ਵੱਲੋਂ ਇਨ੍ਹਾਂ ਕਰਮਚਾਰੀਆਂ ਨੂੰ ਦੇਣ ਵਾਲੀਆਂ ਤਨਖ਼ਾਹਾਂ ਦੇ ਪੈਸੇ ਹਰੇਕ ਮਹੀਨੇ ਦੀ 28/29 ਤਰੀਕ ਨੂੰ ਸ਼ਹਿਰ ਗਿੱਦੜਬਾਹਾ ਦੇ ਸੀਵਰੇਜ ਸਿਸਟਮ ਦੀ ਸਫਾਈ ਕਰਵਾਉਣ ਦੇ ਨਾਮ ਤੇ ਖੁਰਦ ਬੁਰਦ ਕਰ ਲਏ ਜਾਂਦੇ ਹਨ ਪ੍ਰੰਤੂ ਸ਼ਹਿਰ ਗਿੱਦੜਬਾਹਾ ਅਤੇ ਪਿੰਡ ਗਿੱਦੜਬਾਹਾ ਸੀਵਰੇਜ ਦੇ ਗੰਦੇ ਪਾਣੀ ਨਾਲ ਡੁੱਬਿਆ ਪਿਆ ਹੈ।ਉਨ੍ਹਾਂ ਅੱਗੇ ਦੱਸਿਆ ਕਿ ਕੁੱਝ ਮਹੀਨੇ ਪਹਿਲਾਂ ਸ਼ਹਿਰ ਗਿੱਦੜਬਾਹਾ ਦੇ ਸੀਵਰੇਜ ਦੀ ਸਫ਼ਾਈ ਲਈ ਪੰਜਾਬ ਸਰਕਾਰ ਵੱਲੋਂ ਲੱਖਾਂ ਰੁਪਏ ਪ੍ਰਤੀ ਬੱਜਟ ਜਾਰੀ ਕੀਤਾ ਗਿਆ ਸੀ ਪ੍ਰੰਤੂ ਸੀਵਰੇਜ ਬੋਰਡ ਦੇ ਅਧਿਕਾਰੀਆਂ ਵੱਲੋਂ ਇਨ੍ਹਾਂ ਪੈਸਿਆਂ ਦੀ ਦੁਰਵਰਤੋਂ ਕੀਤੀ ਗਈ ਜਿਸ ਦੇ ਨਤੀਜੇ ਵਜੋਂ ਅੱਜ ਗਿੱਦੜਬਾਹਾ ਸ਼ਹਿਰ ਦੇ ਸੀਵਰੇਜ ਦਾ ਜਲੂਸ ਨਿੱਕਲਿਆ ਪਿਆ ਹੈ।ਇਸ ਸਭ ਕੁੱਝ ਦਾ ਵਿਸਥਾਰ ਵਿੱਚ ਖੁਲਾਸਾ ਮਿਤੀ 29-07-2024 ਨੂੰ ਸ਼ਹਿਰ ਵਿੱਚ ਕੱਢੇ ਜਾਣ ਵਾਲੇ ਵਿਸ਼ਾਲ ਰੋਸ ਮਾਰਚ ਦੌਰਾਨ ਕੀਤਾ ਜਾਵੇਗਾ।ਇਸ ਤੋਂ ਇਲਾਵਾ ਸਬੰਧਿਤ ਜੇ.ਈ.ਵੱਲੋਂ ਪਿੰਕੀ ਰਾਣੀ ਕਲਰਕ ਦੀ ਮਹੀਨਾ 06/2024 ਦੀ ਤਨਖਾਹ ਬਿਨਾਂ ਕਿਸੇ ਕਾਰਣ ਤੋਂ ਰੋਕ ਲਈ ਗਈ ਹੈ।ਇਸੇ ਤਰ੍ਹਾਂ ਹੀ ਸਬੰਧਿਤ ਠੇਕੇਦਾਰ ਵੱਲੋਂ ਆਊਟਸੋਰਸਿੰਗ ਕਰਮਚਾਰੀਆਂ ਦਾ ਪੀ.ਐੱਫ. ਮਹੀਨਾ 02/2024 ਤੋਂ ਲੈ ਕੇ ਅੱਜ ਤੱਕ ਜਮ੍ਹਾਂ ਨਹੀਂ ਕਰਵਾਇਆ ਗਿਆ।
ਬ੍ਰਾਂਚ ਦੇ ਜਨਰਲ ਸਕੱਤਰ ਹਰਪ੍ਰੀਤ ਸਿੰਘ ਭਲਾਈਆਣਾ ਨੇ ਕਿਰਤ ਵਿਭਾਗ ਪੰਜਾਬ ਸਰਕਾਰ ਵੱਲੋਂ ਆਊਟ ਸੋਰਸਿੰਗ ਕਰਮਚਾਰੀਆਂ ਦੀਆਂ ਤਨਖ਼ਾਹਾਂ ਵਿੱਚ ਮਿਤੀ 01-03-2024 ਤੋਂ ਕੀਤੇ ਗਏ ਮਾਮੂਲੀ ਵਾਧੇ
161/ਰੁਪਏ ਪ੍ਰਤੀ ਮਹੀਨਾ ਨੂੰ ਬਹੁਤ ਘੱਟ ਦੱਸਕੇ ਇਸ ਦੀ ਸਖ਼ਤ ਨਿਖੇਧੀ ਕੀਤੀ ਗਈ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਸਮੇਂ ਅੱਤ ਦੀ ਮਹਿੰਗਾਈ ਨੂੰ ਦੇਖਦੇ ਹੋਏ ਇਨ੍ਹਾਂ ਕਰਮਚਾਰੀਆਂ ਦੀ ਘੱਟੋ ਘੱਟ ਤਨਖਾਹ 26000/ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇ ।ਅਖ਼ੀਰ ਵਿੱਚ ਵਿਸੇਸ਼ ਤੌਰ ਤੇ ਪਹੁੰਚੇ ਸੂਬਾ ਜਨਰਲ ਸਕੱਤਰ ਪਵਨ ਮੌਂਗਾ ਨੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਚਿਤਾਵਨੀ ਦਿੰਦੇ ਆਖਿਆ ਕਿ ਤੁਰੰਤ ਜਥੇਬੰਦੀ ਨਾਲ ਮੀਟਿੰਗ ਕਰਕੇ ਮੁਲਾਜ਼ਮਾਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਦਾ ਨਿਪਟਾਰਾ ਕੀਤਾ ਜਾਵੇ ਅਜਿਹਾ ਨਾ ਹੋਣ ਤੇ ਲਗਾਤਾਰ ਧਰਨਾ ਤਾਂ ਇਸੇ ਤਰ੍ਹਾਂ ਹੀ ਚੱਲੇਗਾ ਹੀ,ਮਿਤੀ 29-07-2024 ਨੂੰ ਗਿੱਦੜਬਾਹਾ ਸ਼ਹਿਰ ਵਿਚ ਵਿਸ਼ਾਲ ਰੋਸ ਮਾਰਚ ਕੱਢਿਆ ਜਾਵੇਗਾ ਜਿਸ ਤੋਂ ਨਿਕਲਣ ਵਾਲੇ ਗੰਭੀਰ ਸਿੱਟਿਆਂ ਦੀ ਜਿੰਮੇਵਾਰੀ ਉਨ੍ਹਾਂ ਅਧਿਕਾਰੀਆਂ ਦੀ ਹੋਵੇਗੀ।ਅੱਜ ਦੇ ਧਰਨੇ ਨੂੰ ਜਥੇਬੰਦੀ ਦੇ ਬਾਬਾ ਬੋਹੜ ਟਹਿਲ ਸਿੰਘ ਬਰਾੜ,ਖੁਸ਼ਵਿੰਦਰ ਸ਼ਰਮਾ,ਬਲਤੇਜ ਸਿੰਘ ਤੇਜੀ,ਬਲਵੰਤ ਕੁਮਾਰ,ਬਨਾਰਸੀ ਦਾਸ ਬਾਦਲ,ਸੁਖਦੇਵ ਸਿੰਘ ਕਾਕਾ,ਮੱਖਣ ਸਿੰਘ ਜੱਸੜ,ਮਨਪ੍ਰੀਤ ਸਿੰਘ,ਬ੍ਰਾਂਚ ਮਲੋਟ ਤੋਂ ਗੁਲਾਬ ਸਿੰਘ ,ਓਮਕਾਰ ਯਾਦਵ,ਕੁਲਵਿੰਦਰ ਸਿੰਘ ਖਾਲਸਾ,ਬਲਦੇਵ ਸਿੰਘ ਮੁਕੇਸ਼ ਕੁਮਾਰ ਨੇ ਸੰਬੋਧਨ ਕੀਤਾ।ਇਸ ਧਰਨੇ ਵਿੱਚ ਹੋਰਨਾਂ ਤੋਂ ਇਲਾਵਾ ਗਿੱਦੜਬਾਹਾ ਦੇ ਚੀਫ਼ ਆਰਗੇਨਾਈਜਰ ਵਰਿੰਦਰ ਸਹਿਗਲ, ਗੁਰਪ੍ਰੀਤ ਬਾਦਲ,ਰਾਜਿੰਦਰ ਸਿੰਘ,ਅਮਰਜੀਤ ਸਿੰਘ ਸੋਢੀ, ਮਨਦੀਪ ਸਿੰਘ ਦੰਦੀਵਾਲ,ਜਗਮੀਤ ਸਿੰਘ ਮਾਨ,ਜਗਤਾਰ ਸਿੰਘ ਸੋਨੀ,ਪਿੰਕੀ ਰਾਣੀ,ਮਹਿੰਦਰ ਕੁਮਾਰ,ਕਰਨਜੀਤ ਸਿੰਘ,ਜਸਪਾਲ ਸ਼ਰਮਾ ਜਸਵੰਤ ਸਿੰਘ ਗਿਆਨੀ,ਜੈ ਕਿਸ਼ਨ,ਮਹਿੰਦਰ ਕੁਮਾਰ,ਬਿੰਨੀ ਕੁਮਾਰ,ਸੁਰੇਸ਼ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਸਾਥੀ ਸ਼ਾਮਲ ਹੋਏ।