ਚੰਡੀਗੜ੍ਹ, 23 ਜੁਲਾਈ, ਬੋਲੇ ਪੰਜਾਬ ਬਿਊਰੋ :
ਅਮਰੀਕਾ ਦੇ ਮਿਸੀਸਿਪੀ ਸ਼ਹਿਰ ਵਿੱਚ ਕੱਲ੍ਹ ਦੁਪਹਿਰ ਅਣਪਛਾਤੇ ਕਾਰ ਸਵਾਰਾਂ ਵੱਲੋਂ ਕੀਤੀ ਅੰਨ੍ਹੇਵਾਹ ਗੋਲੀਬਾਰੀ ਕਾਰਨ ਇੱਕ ਦੁਕਾਨ ਦੇ ਬਾਹਰ ਕੰਮ ਕਰ ਰਹੇ ਬੇਗੋਵਾਲ ਦੇ ਇੱਕ ਨੌਜਵਾਨ ਸਮੇਤ ਦੋ ਵਿਅਕਤੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚੋਂ ਇੱਕ ਵਿਅਕਤੀ ਕਪੂਰਥਲਾ ਜ਼ਿਲ੍ਹੇ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ, ਜਿਸ ਦੀ ਪਛਾਣ ਜਸਵੀਰ ਸਿੰਘ ਪੁੱਤਰ ਵੱਸਣ ਸਿੰਘ ਵਾਸੀ ਬੇਗੋਵਾਲ ਵਜੋਂ ਹੋਈ ਹੈ।
ਮ੍ਰਿਤਕ ਦੇ ਪਿਤਾ ਵੱਸਣ ਸਿੰਘ ਵਾਸੀ ਬੇਗੋਵਾਲ ਨੇ ਦੱਸਿਆ ਕਿ ਉਸ ਦਾ ਲੜਕਾ ਜਸਵੀਰ ਸਿੰਘ (33) ਜੋ ਕਿ ਕੁਝ ਸਮਾਂ ਪਹਿਲਾਂ ਰੋਜ਼ੀ ਰੋਟੀ ਕਮਾਉਣ ਲਈ ਵਿਦੇਸ਼ ਗਿਆ ਸੀ, ਵਿਆਹਿਆ ਹੋਇਆ ਸੀ ਅਤੇ ਉਸ ਦੇ ਦੋ ਬੱਚੇ ਵੀ ਹਨ। ਉਸ ਦਾ ਭਰਾ ਵੀ ਆਪਣੇ ਪਰਿਵਾਰ ਨਾਲ ਅਮਰੀਕਾ ਵਿਚ ਰਹਿ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਜਸਵੀਰ ਸਿੰਘ ਦੁਕਾਨ ਦੇ ਬਾਹਰ ਖੜ੍ਹਾ ਸੀ, ਜਿੱਥੇ ਉਹ ਕੰਮ ਕਰਦਾ ਸੀ ਤਾਂ ਇੱਕ ਕਾਰ ਵਿੱਚ ਸਵਾਰ 2-3 ਅਣਪਛਾਤੇ ਵਿਅਕਤੀਆਂ ਨੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਜਸਵੀਰ ਸਿੰਘ ਦੇ ਸਿਰ ਵਿੱਚ ਗੋਲੀ ਲੱਗਣ ਨਾਲ ਮੌਤ ਹੋ ਗਈ। ਉਸ ਨੇ ਦੱਸਿਆ ਕਿ ਉਸ ਦੇ ਲੜਕੇ ਤੋਂ ਇਲਾਵਾ ਇਕ ਹੋਰ ਵਿਅਕਤੀ ਦੀ ਮੌਤ ਹੋ ਗਈ, ਜਦਕਿ 3 ਜ਼ਖਮੀ ਦੱਸੇ ਜਾ ਰਹੇ ਹਨ। ਘਟਨਾ ਤੋਂ ਬਾਅਦ ਇਲਾਕੇ ‘ਚ ਸਨਸਨੀ ਫੈਲ ਗਈ।