ਬਠਿੰਡਾ, 23 ਜੁਲਾਈ, ਬੋਲੇ ਪੰਜਾਬ ਬਿਊਰੋ :
ਬਠਿੰਡਾ ਦੀ ਕੇਂਦਰੀ ਜੇਲ੍ਹ ਵਿੱਚ ਨਸ਼ਿਆਂ ਦਾ ਕਾਲਾ ਕਾਰੋਬਾਰ ਕੋਈ ਹੋਰ ਨਹੀਂ ਸਗੋਂ ਜੇਲ੍ਹ ਦਾ ਹੈੱਡ ਵਾਰਡਨ ਹੀ ਚਲਾ ਰਿਹਾ ਸੀ। ਜਾਂਚ ਦੌਰਾਨ ਮੁਲਜ਼ਮ ਹੈੱਡ ਵਾਰਡਨ ਲਵਪ੍ਰੀਤ ਸਿੰਘ ਨੂੰ ਫੜ ਲਿਆ ਗਿਆ। ਥਾਣਾ ਕੈਂਟ ਦੀ ਪੁਲੀਸ ਨੇ ਕੇਂਦਰੀ ਜੇਲ੍ਹ ‘ਚ ਚਿੱਟਾ ਭੇਜਣ ਦੇ ਦੋਸ਼ ਵਿੱਚ ਜੇਲ੍ਹ ਹੈੱਡ ਵਾਰਡਨ ਲਵਪ੍ਰੀਤ ਸਿੰਘ ਸਮੇਤ ਜੇਲ੍ਹ ਦੇ ਕੈਦੀ ਸੁਖਚੈਨ ਸਿੰਘ ਅਤੇ ਹਵਾਲਾਤੀ ਪ੍ਰਦੀਪ ਕੁਮਾਰ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਮੁੱਖ ਮੁਲਜ਼ਮ ਜੇਲ੍ਹ ਵਾਰਡਨ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਜਦੋਂਕਿ ਬਾਕੀ ਦੋ ਮੁਲਜ਼ਮਾਂ ਨੂੰ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਗ੍ਰਿਫ਼ਤਾਰ ਕਰੇਗੀ।
ਪੁਲੀਸ ਕੋਲ ਦਰਜ ਕਰਵਾਏ ਬਿਆਨ ਵਿੱਚ ਜੇਲ੍ਹ ਦੇ ਸਹਾਇਕ ਸੁਪਰਡੈਂਟ ਨੇ ਦੱਸਿਆ ਕਿ ਲਵਪ੍ਰੀਤ ਸਿੰਘ ਕੇਂਦਰੀ ਜੇਲ੍ਹ ਵਿੱਚ ਹੈੱਡ ਵਾਰਡਨ ਵਜੋਂ ਤਾਇਨਾਤ ਹੈ। ਪਿਛਲੇ ਦਿਨੀਂ ਉਕਤ ਜੇਲ੍ਹ ਮੁਲਾਜ਼ਮ ਬਾਹਰੋਂ ਚਿੱਟਾ ਲੈ ਕੇ ਜੇਲ੍ਹ ਅੰਦਰ ਆਇਆ ਸੀ ਅਤੇ ਚੈਕਿੰਗ ਦੌਰਾਨ ਫੜਿਆ ਗਿਆ ਸੀ। ਬਿਆਨ ਵਿੱਚ ਦੱਸਿਆ ਗਿਆ ਕਿ ਉਕਤ ਜੇਲ੍ਹ ਮੁਲਾਜ਼ਮ ਜੇਲ੍ਹ ਵਿੱਚ ਬੰਦ ਹਵਾਲਾਤੀ ਪ੍ਰਦੀਪ ਕੁਮਾਰ ਅਤੇ ਕੈਦੀ ਸੁਖਚੈਨ ਸਿੰਘ ਰਾਹੀਂ ਚਿੱਟਾ ਜੇਲ੍ਹ ਅੰਦਰ ਭੇਜਣ ਦੀ ਕੋਸ਼ਿਸ਼ ਕਰ ਰਿਹਾ ਸੀ।