ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਸਕੂਲਾਂ ਨੂੰ ਨਵੇਂ ਹੁਕਮ ਜਾਰੀ

ਚੰਡੀਗੜ੍ਹ ਪੰਜਾਬ


ਮੋਹਾਲੀ, 22 ਜੁਲਾਈ, ਬੋਲੇ ਪੰਜਾਬ ਬਿਊਰੋ :


ਸਿੱਖਿਆ ਵਿਭਾਗ ਪੰਜਾਬ ਵੱਲੋਂ ਸਾਰੇ ਸਰਕਾਰੀ ਪ੍ਰਾਇਮਰੀ ਸਕੂਲਾਂ ਨੂੰ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਵਿਭਾਗ ਵੱਲੋਂ ਸੂਬੇ ਦੇ ਸਾਰੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਸਕੂਲ ਵਿੱਚ ਵਿਦਿਆਰਥੀਆਂ ਦੀ ਗਿਣਤੀ ਦੇ ਹਿਸਾਬ ਨਾਲ ਈ-ਕੰਟੈਸਟ ਰਾਹੀਂ ਪੜ੍ਹਾਈ ਕਰਨ ਅਤੇ ਹੋਰ ਕੰਮਾਂ ਲਈ ਕੰਪਿਊਟਰ ਮੁਹੱਈਆ ਕਰਵਾਏ ਜਾ ਰਹੇ ਹਨ। ਇਸ ਦੇ ਲਈ ਜਲਦੀ ਹੀ ਕੰਪਿਊਟਰਾਂ ਦੀ ਸਪਲਾਈ ਅਤੇ ਇੰਸਟਾਲੇਸ਼ਨ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ। ਇਹ ਕੰਪਿਊਟਰ ਮੈਸਰਜ਼ ਏਸਰ ਇੰਡੀਆ ਪ੍ਰਾਈਵੇਟ ਲਿਮਟਿਡ ਦੁਆਰਾ ਨਿਰਮਿਤ ਹਨ। ਇਸ ਕਾਰਨ ਸਕੂਲਾਂ ਨੂੰ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਸਕੂਲਾਂ ਵਿੱਚ ਕੰਪਿਊਟਰ ਲਗਾਉਣ ਲਈ ਕਮਰਿਆਂ ਦੀ ਸਫ਼ਾਈ ਅਤੇ ਬਿਜਲੀ ਦੀ ਫਿਟਿੰਗ ਕਰਵਾਉਣ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਕੰਪਿਊਟਰ ਲਗਾਉਣ ਲਈ ਲੋੜੀਂਦੇ ਫਰਨੀਚਰ ਦਾ ਸਕੂਲ ਪੱਧਰ ‘ਤੇ ਪ੍ਰਬੰਧ ਕੀਤਾ ਜਾਵੇਗਾ। ਸਕੂਲ ਮੁਖੀ, ਆਪਣੀ ਨਿਗਰਾਨੀ ਹੇਠ ਆਪਣੀ ਸਹੂਲਤ ਅਨੁਸਾਰ ਕੰਪਿਊਟਰ ਦੀ ਸਥਾਪਨਾ ਨੂੰ ਯਕੀਨੀ ਬਣਾਉਣ ਤੋਂ ਬਾਅਦ, ਇੰਸਟਾਲੇਸ਼ਨ ਦੇ 24 ਘੰਟਿਆਂ ਦੇ ਅੰਦਰ ਈ-ਪੰਜਾਬ ਪੋਰਟਲ ‘ਤੇ ਬਣਾਏ ਗਏ ਮਾਡਿਊਲ ਵਿੱਚ ਡਾਟਾ ਅਪਡੇਟ ਕਰਨਗੇ। ਕੰਪਿਊਟਰ ਨੂੰ ਸੁਰੱਖਿਅਤ ਥਾਂ ‘ਤੇ ਲਗਾਉਣਾ ਯਕੀਨੀ ਬਣਾਇਆ ਜਾਵੇਗਾ ਤਾਂ ਜੋ ਚੋਰੀ ਆਦਿ ਦੀ ਸੰਭਾਵਨਾ ਨਾ ਰਹੇ।
ਪੱਤਰ ਵਿਚ ਕਿਹਾ ਗਿਆ ਹੈ ਕਿ ਕੰਪਿਊਟਰ ਦਾ ਕੀ-ਬੋਰਡ, ਮਾਊਸ ਅਤੇ ਐਲ.ਈ.ਡੀ. ਦੇ ਟੁੱਟਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ, ਇਸ ਲਈ ਇਨ੍ਹਾਂ ਦੀ ਸੁਰੱਖਿਆ ਦਾ ਧਿਆਨ ਰੱਖਿਆ ਜਾਵੇ ਅਤੇ ਵਿਦਿਆਰਥੀਆਂ ਨੂੰ ਵੀ ਇਸ ਬਾਰੇ ਜਾਣਕਾਰੀ ਦਿੱਤੀ ਜਾਵੇ। ਇਸ ਦੌਰਾਨ ਜੇਕਰ ਕਿਸੇ ਕਿਸਮ ਦੀ ਕੋਈ ਸਮੱਸਿਆ ਪੇਸ਼ ਆਉਂਦੀ ਹੈ ਜਾਂ ਕੋਈ ਜਾਣਕਾਰੀ ਚਾਹੀਦੀ ਹੈ ਤਾਂ 0172-5212328 ਜਾਂ ਜ਼ਿਲ੍ਹੇ ਦੇ ਸਮਾਰਟ ਸਕੂਲ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *