ਸਾਬਕਾ ਫ਼ੌਜੀ ਵੱਲੋਂ ਮਾਂ, ਭਰਾ-ਭਰਜਾਈ ਸਣੇ ਪਰਿਵਾਰ ਦੇ ਪੰਜ ਮੈਂਬਰਾਂ ਦਾ ਬੇਰਹਿਮੀ ਨਾਲ ਕਤਲ

ਚੰਡੀਗੜ੍ਹ ਨੈਸ਼ਨਲ ਪੰਜਾਬ


ਅੰਬਾਲਾ, 22 ਜੁਲਾਈ,ਬੋਲੇ ਪੰਜਾਬ ਬਿਊਰੋ :


ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਵਿਚ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਨਰਾਇਣਗੜ੍ਹ ਥਾਣਾ ਖੇਤਰ ਅਧੀਨ ਇਕ ਸਾਬਕਾ ਫ਼ੌਜੀ ਨੇ ਆਪਣੇ ਹੀ ਭਰਾ ਦਾ ਪਰਿਵਾਰ ਖਤਮ ਕਰ ਦਿੱਤਾ ਹੈ। ਇੱਕ ਸਾਬਕਾ ਫ਼ੌਜੀ ਨੇ ਤੇਜ਼ਧਾਰ ਹਥਿਆਰਾਂ ਨਾਲ ਆਪਣੇ ਭਰਾ ਸਮੇਤ 5 ਲੋਕਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਹ ਘਟਨਾ ਐਤਵਾਰ ਰਾਤ ਨਰਾਇਣਗੜ੍ਹ ਥਾਣੇ ਦੇ ਪਿੰਡ ਪੀਰ ਮਾਜਰੀ ਨੇੜੇ ਪਿੰਡ ਰਟੋਰ ਦੀ ਦੱਸੀ ਜਾ ਰਹੀ ਹੈ।
ਮਰਨ ਵਾਲਿਆਂ ਵਿਚ ਦੋਸ਼ੀ ਦੀ ਮਾਂ, ਉਸ ਦਾ ਭਰਾ, ਉਸ ਦੀ ਭਰਜਾਈ ਅਤੇ ਉਨ੍ਹਾਂ ਦੇ ਦੋ ਬੱਚੇ ਸ਼ਾਮਲ ਹਨ। ਇਨ੍ਹਾਂ ਦੀ ਪਛਾਣ ਹਰੀਸ਼ ਕੁਮਾਰ (35), ਉਸ ਦੀ ਪਤਨੀ ਸੋਨੀਆ (32), ਮਾਂ ਸਰੋਪੀ ਦੇਵੀ (65), ਭਤੀਜੀ ਯਸ਼ਿਕਾ (5) ਅਤੇ 6 ਸਾਲਾ ਭਤੀਜੇ ਮਯੰਕ ਵਜੋਂ ਹੋਈ ਹੈ।
ਮੁਲਜ਼ਮ ਨੇ ਰਾਤ ਸਮੇਂ ਤੇਜ਼ਧਾਰ ਹਥਿਆਰਾਂ ਨਾਲ ਇਨ੍ਹਾਂ ਸਾਰਿਆਂ ਦਾ ਕਤਲ ਕਰ ਦਿੱਤਾ। ਇਸ ਦੌਰਾਨ ਜਦੋਂ ਮੁਲਜ਼ਮ ਦੇ ਪਿਤਾ ਓਮ ਪ੍ਰਕਾਸ਼ ਨੇ ਇਸ ਘਟਨਾ ਦਾ ਵਿਰੋਧ ਕੀਤਾ ਤਾਂ ਮੁਲਜ਼ਮ ਨੇ ਪਿਤਾ ਦੀ ਵੀ ਕੁੱਟਮਾਰ ਕਰ ਕੇ ਜ਼ਖ਼ਮੀ ਕਰ ਦਿੱਤਾ। ਇਸ ਦੇ ਨਾਲ ਹੀ ਮੁਲਜ਼ਮ ਭਰਾ ਦੀ ਇੱਕ ਲੜਕੀ ਨੂੰ ਗੰਭੀਰ ਜ਼ਖ਼ਮੀ ਕਰ ਕੇ ਫ਼ਰਾਰ ਹੋ ਗਿਆ।
ਮੁੱਢਲੀ ਜਾਣਕਾਰੀ ਅਨੁਸਾਰ ਮੁਲਜ਼ਮ ਸੇਵਾ-ਮੁਕਤ ਫੌਜੀ ਭੂਸ਼ਣ ਕੁਮਾਰ ਨੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਰਾਤ ਸਮੇਂ ਲਾਸ਼ਾਂ ਨੂੰ ਸਾੜਨ ਦੀ ਕੋਸ਼ਿਸ਼ ਕੀਤੀ। ਘਟਨਾ ਦਾ ਕਾਰਨ ਦੋਵਾਂ ਭਰਾਵਾਂ ਵਿਚਾਲੇ ਜ਼ਮੀਨੀ ਵਿਵਾਦ ਦੱਸਿਆ ਜਾ ਰਿਹਾ ਹੈ।
ਸੂਚਨਾ ਮਿਲਣ ‘ਤੇ ਅੰਬਾਲਾ ਦੇ ਐਸਪੀ ਸੁਰਿੰਦਰ ਕੁਮਾਰ ਨੇ ਰਾਤ ਕਰੀਬ 3 ਵਜੇ ਘਟਨਾ ਸਥਾਨ ਦਾ ਦੌਰਾ ਕੀਤਾ। ਉਨ੍ਹਾਂ ਨੇ ਅੱਧ ਸੜੀਆਂ ਹੋਈਆਂ ਲਾਸ਼ਾਂ ਨੂੰ ਹਸਪਤਾਲ ਪਹੁੰਚਾਇਆ। ਮੁਲਜ਼ਮ ਦੇ ਜ਼ਖ਼ਮੀ ਪਿਤਾ ਓਮ ਪ੍ਰਕਾਸ਼ ਦਾ ਸਿਵਲ ਹਸਪਤਾਲ ਨਰਾਇਣਗੜ੍ਹ ਵਿੱਚ ਇਲਾਜ ਚੱਲ ਰਿਹਾ ਹੈ, ਜਦੋਂਕਿ ਮ੍ਰਿਤਕ ਦੀ ਲੜਕੀ ਨੂੰ ਚੰਡੀਗੜ੍ਹ ਪੀਜੀਆਈ ਰੈਫ਼ਰ ਕਰ ਦਿੱਤਾ ਗਿਆ ਹੈ। ਹੁਣ ਪੁਲਿਸ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।

Leave a Reply

Your email address will not be published. Required fields are marked *