ਤਨਖਾਹਾਂ ਨਾ ਮਿਲਣ ਅਤੇ ਬਾਕੀ ਮੰਗਾਂ ਨਾ ਮੰਨੇ ਜਾਣ ਕਾਰਣ ਭਾਰੀ ਗੁੱਸੇ ਵਿੱਚ ਮੁਲਾਜ਼ਮ
ਗਿੱਦੜਬਾਹਾ,22, ਜੁਲਾਈ ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ) :
ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ਼ ਯੂਨੀਅਨ ਬ੍ਰਾਂਚ ਗਿੱਦੜਬਾਹਾ ਵੱਲੋਂ ਕਾਰਜਕਾਰੀ ਇੰਜੀਨੀਅਰ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਮੰਡਲ ਨੰਬਰ 2 ਬਠਿੰਡਾ ਖ਼ਿਲਾਫ਼ ਵਰਕਰਾਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਮਨਵਾਉਣ ਖਾਤਿਰ ਲਗਾਤਾਰ ਆਰੰਭ ਕੀਤਾ ਗਿਆ ਵਿਸ਼ਾਲ ਰੋਸ ਪ੍ਰਦਰਸ਼ਨ ਅੱਜ ਦੂਜੇ ਦਿਨ ਵੀ ਜਾਰੀ ਰਿਹਾ।ਧਰਨੇ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਜੁਗਿੰਦਰ ਸਿੰਘ ਸਮਾਘ ਨੇ ਦੱਸਿਆ ਕਿ ਮੇਨ ਵਾਟਰ ਵਰਕਸ ਸ਼ਹਿਰ ਗਿੱਦੜਬਾਹਾ ਅਤੇ ਸ਼ਹਿਰ ਦੇ ਵੱਖ ਵੱਖ ਸੀਵਰੇਜ ਸਿਸਟਮ ਤੇ ਕੰਮ ਕਰਦੇ ਰੈਗੂਲਰ ਅਤੇ ਆਊਟ ਸੋਰਸਿੰਗ ਕਰਮਚਾਰੀਆਂ ਨੂੰ ਹਰੇਕ ਮਹੀਨੇ ਤਨਖ਼ਾਹਾਂ ਮਹੀਨੇ ਦੇ ਅਖੀਰ ਵਿੱਚ ਦਿੱਤੀਆਂ ਜਾਂਦੀਆਂ ਹਨ।ਜਿਵੇਂ ਕਿ ਰੈਗੂਲਰ ਕਰਮਚਾਰੀਆਂ ਨੂੰ ਅੱਜ 22 ਤਰੀਕ ਤੱਕ ਵੀ ਤਨਖਾਹ ਨਹੀਂ ਦਿੱਤੀ ਗਈ ਜਦੋਂਕਿ ਸਰਕਰ ਦੀਆਂ ਹਦਾਇਤਾਂ ਅਨੁਸਾਰ ਹਰੇਕ ਮਹੀਨੇ ਦੀ 7 ਤਰੀਕ ਤੱਕ ਤਨਖ਼ਾਹਾਂ ਦੇਣੀਆਂ ਜ਼ਰੂਰੀ ਹੁੰਦੀਆਂ ਹਨ।ਉਨ੍ਹਾਂ ਅੱਗੇ ਦੱਸਿਆ ਕਿ ਸੀਵਰੇਜ ਬੋਰਡ ਦੇ ਅਧਿਕਾਰੀਆਂ ਵੱਲੋਂ ਇਨ੍ਹਾਂ ਕਰਮਚਾਰੀਆਂ ਨੂੰ ਦੇਣ ਵਾਲੀਆਂ ਤਨਖ਼ਾਹਾਂ ਦੇ ਪੈਸੇ ਹਰੇਕ ਮਹੀਨੇ ਦੀ 28/29 ਤਰੀਕ ਨੂੰ ਸ਼ਹਿਰ ਗਿੱਦੜਬਾਹਾ ਦੇ ਸੀਵਰੇਜ ਸਿਸਟਮ ਦੀ ਸਫਾਈ ਕਰਵਾਉਣ ਦੇ ਨਾਮ ਤੇ ਖੁਰਦ ਬੁਰਦ ਕਰ ਲਏ ਜਾਂਦੇ ਹਨ ਪ੍ਰੰਤੂ ਸ਼ਹਿਰ ਗਿੱਦੜਬਾਹਾ ਅਤੇ ਪਿੰਡ ਗਿੱਦੜਬਾਹਾ ਸੀਵਰੇਜ ਦੇ ਗੰਦੇ ਪਾਣੀ ਨਾਲ ਡੁੱਬਿਆ ਪਿਆ ਹੈ।ਤਨਖਾਹਾਂ ਤੋਂ ਬਿਨਾਂ ਹੋਰ ਵੀ ਬਹੁਤ ਸਾਰੀਆਂ ਮੰਗਾਂ ਪਿਛਲੇ ਲੰਬੇ ਸਮੇਂ ਤੋਂ ਪੈਂਡਿੰਗ ਚੱਲੀਆਂ ਆ ਰਹੀਆਂ ਹਨ ਜਿਨ੍ਹਾਂ ਦੇ ਸਬੰਧ ਵਿੱਚ ਪਿਛਲੇ ਲੰਬੇ ਸਮੇਂ ਤੋਂ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਲਿਖਤੀ ਤੌਰ ਤੇ ਬੇਨਤੀਆਂ ਕੀਤੀਆਂ ਜਾ ਚੁੱਕੀਆਂ ਹਨ ,ਧਰਨੇ ਮੁਜ਼ਾਹਰੇ ਵੀ ਕੀਤੇ ਜਾ ਚੁੱਕੇ ਹਨ ਪ੍ਰੰਤੂ ਸੀਵਰੇਜ ਬੋਰਡ ਦੀ ਮਨੇਜਮੈਂਟ ਦਾ ਧਿਆਨ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਘੱਟ ਅਤੇ ਬੈਂਕਾਂ ਦੇ ਰੈਵਨਿਊ ਦੇ ਖਾਤਿਆਂ ਵੱਲ ਜਿਆਦਾ ਹੈ।ਚੇਅਰਮੈਨ ਰਾਮਜੀ ਸਿੰਘ ਭਲਾਈਆਣਾ ਨੇ ਸਟੇਜ ਦੀ ਕਾਰਵਾਈ ਚਲਾਉਂਦੇ ਹੋਏ ਦੱਸਿਆ ਕਿ ਮਨਦੀਪ ਸਿੰਘ ਜੋ ਕਿ ਆਊਟਸੋਰਸਿੰਗ ਤੇ ਕੰਪਿਊਟਰ ਕਲਰਕ ਦਾ ਕੰਮ ਕਰ ਰਿਹਾ ਹੈ ਨੂੰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਤਨਖਾਹਾਂ ਨਾ ਦੇ ਕੇ ਉਸ ਦਾ ਵਿੱਤੀ ਸੋਸ਼ਣ ਕੀਤਾ ਜਾ ਰਿਹਾ ਹੈ।ਸਾਲ 2017 ਵਿੱਚ ਵਿਭਾਗ ਦੇ ਅਧਿਕਾਰੀਆਂ ਦੀ ਅਣਗਹਿਲੀ ਕਾਰਣ ਲਾਲ ਕੋਠੀ ਡਿਸਪੋਜ਼ਲ ਤੇ ਵਾਪਰੇ ਇੱਕ ਹਾਦਸੇ ਵਿੱਚ ਆਪਣੀ ਜਾਨ ਗੁਆਉਣ ਵਾਲੇ ਬਿੱਟੂ ਕੁਮਾਰ ਪੰਪ ਆਪਰੇਟਰ ਦੇ ਪਰਿਵਾਰ ਦੇ ਮੈਂਬਰ ਨੂੰ ਰੈਗੂਲਰ ਨੌਕਰੀ ਦੇਣ ਦਾ ਕੀਤਾ ਗਿਆ ਵਾਅਦਾ ਅੱਜ ਤੱਕ ਪੂਰਾ ਨਹੀਂ ਕੀਤਾ ਗਿਆ ਇਸ ਦੇ ਉਲਟ ਬਿੱਟੂ ਕੁਮਾਰ ਦੀ ਜਗਹ ਤੇ ਆਊਟਸੋਰਸਿੰਗ ਤੇ ਨਿਯੁਕਤ ਉਸ ਦੀ ਭੈਣ ਪਿੰਕੀ ਰਾਣੀ ਕਲਰਕ (ਗਰੈਜੂਏਟ) ਨੂੰ ਦਰਜਾ ਚਾਰ ਫਿੱਟਰ ਹੈਲਪਰ ਦੀ ਤਨਖਾਹ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸਬੰਧਿਤ ਠੇਕੇਦਾਰ ਵੱਲੋਂ ਆਊਟਸੋਰਸਿੰਗ ਕਰਮਚਾਰੀਆਂ ਦਾ ਪੀ.ਐੱਫ਼ ਪਿਛਲੇ ਲੰਬੇ ਸਮੇਂ ਤੋਂ ਜਮ੍ਹਾਂ ਨਹੀਂ ਕਰਵਾਇਆ ਜਾ ਰਿਹਾ।ਧਰਨੇ ਵਿੱਚ ਵਿਸੇਸ਼ ਤੌਰ ਤੇ ਪਹੁੰਚੇ ਸੂਬਾ ਜਨਰਲ ਸਕੱਤਰ ਪਵਨ ਮੌਂਗਾ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਜਥੇਬੰਦੀ ਵੱਲੋਂ ਆਪਣੇ ਵਰਕਰਾਂ ਨੂੰ ਤਨਖ਼ਾਹਾਂ ਦਿਵਾਉਣ ਲਈ ਹਰੇਕ ਮਹੀਨੇ ਧਰਨੇ ਲਾਉਣੇ ਪੈਂਦੇ ਹਨ।ਉਨ੍ਹਾਂ ਨੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਤੁਰੰਤ ਤਨਖ਼ਾਹਾਂ ਜਾਰੀ ਕਰਕੇ ਜਥੇਬੰਦੀ ਦੇ ਆਗੂਆਂ ਨਾਲ ਮੀਟਿੰਗ ਕੀਤੀ ਜਾਵੇ।ਮੀਟਿੰਗ ਵਿੱਚ ਬਾਕੀ ਮੰਗਾਂ ਦਾ ਨਿਪਟਾਰਾ ਕਰਨ ਸਮੇਤ ਮਹੀਨੇ ਦੀ ਹਰੇਕ ਮਹੀਨੇ ਦੀ 7 ਤਰੀਕ ਤੱਕ ਰੈਗੂਲਰ ਅਤੇ ਆਊਟਸੋਰਸਿੰਗ ਕਰਮਚਾਰੀਆਂ ਦੀਆਂ ਤਨਖ਼ਾਹਾਂ ਜਾਰੀ ਕਰਨ ਦੀ ਲਿਖਤੀ ਗਾਰੰਟੀ ਦਿੱਤੀ ਜਾਵੇ।ਬ੍ਰਾਂਚ ਦੇ ਜਨਰਲ ਸਕੱਤਰ ਹਰਪ੍ਰੀਤ ਸਿੰਘ ਭਲਾਈਆਣਾ ਨੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਚਿਤਾਵਨੀ ਦਿੰਦੇ ਆਖਿਆ ਕਿ ਜਿੰਨਾਂ ਚਿਰ ਜਥੇਬੰਦੀ ਨਾਲ ਮੀਟਿੰਗ ਕਰਕੇ ਮੁਲਾਜ਼ਮਾਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਦਾ ਨਿਪਟਾਰਾ ਨਹੀਂ ਕੀਤਾ ਜਾਂਦਾ ਉਨੀ ਦੇਰ ਇਹ ਰੋਸ ਪ੍ਰਦਰਸ਼ਨ ਲਗਾਤਾਰ ਹਰੇਕ ਕੰਮ ਵਾਲੇ ਦਿਨ ਜਾਰੀ ਰਹੇਗਾ ਅਤੇ ਸੰਘਰਸ਼ ਨੂੰ ਹੋਰ ਤਿੱਖਾ ਕਰਦੇ ਹੋਏ ਟਰੇਡ ਯੂਨੀਅਨ ਐਕਟ ਤਹਿਤ ਇਨ੍ਹਾਂ ਅਧਿਕਾਰੀਆਂ ਦਾ ਘਿਰਾਓ ਆਦਿ ਕੀਤਾ ਜਾਵੇਗਾ।ਅੱਜ ਦੇ ਧਰਨੇ ਨੂੰ ਹੋਰਨਾਂ ਤੋਂ ਇਲਾਵਾ ਖੁਸ਼ਵਿੰਦਰ ਸ਼ਰਮਾ,ਬਲਤੇਜ ਸਿੰਘ ਤੇਜੀ,ਬਲਵੰਤ ਕੁਮਾਰ,ਬਨਾਰਸੀ ਦਾਸ ਬਾਦਲ,ਸੁਖਦੇਵ ਸਿੰਘ ਕਾਕਾ,ਮਨਪ੍ਰੀਤ ਸਿੰਘ,ਬ੍ਰਾਂਚ ਮਲੋਟ ਤੋਂ ਜਸਵਿੰਦਰ ਸਿੰਘ ਵਾਲੀਆ,ਗੁਲਾਬ ਸਿੰਘ ,ਓਮਕਾਰ ਯਾਦਵ,ਕੁਲਵਿੰਦਰ ਸਿੰਘ ਖਾਲਸਾ,ਭੁਪਿੰਦਰ ਸਿੰਘ,ਵਿਸ਼ਰਾਮ,ਮੁਕੇਸ਼ ਕੁਮਾਰ ,ਹਰਕੀਰਤ ਸਿੰਘ, ਗਿਆਨ ਸਿੰਘ ਨੇ ਸੰਬੋਧਨ ਕੀਤਾ।ਇਸ ਧਰਨੇ ਵਿੱਚ ਹੋਰਨਾਂ ਤੋਂ ਇਲਾਵਾ ਗਿੱਦੜਬਾਹਾ ਦੇ ਚੀਫ਼ ਆਰਗੇਨਾਈਜਰ ਵਰਿੰਦਰ ਸਹਿਗਲ, ਗੁਰਪ੍ਰੀਤ ਬਾਦਲ,ਰਾਜਿੰਦਰ ਸਿੰਘ,ਅਮਰਜੀਤ ਸਿੰਘ ਸੋਢੀ, ਮਨਦੀਪ ਸਿੰਘ ਦੰਦੀਵਾਲ,ਜਗਮੀਤ ਸਿੰਘ ਮਾਨ,ਜਸਵੰਤ ਸਿੰਘ ਗਿਆਨੀ,ਮਹਿੰਦਰ ਕੁਮਾਰ,ਸੁਰੇਸ਼ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਸਾਥੀ ਸ਼ਾਮਲ ਹੋਏ