ਲੁਧਿਆਣਾ, 22 ਜੁਲਾਈ, ਬੋਲੇ ਪੰਜਾਬ ਬਿਊਰੋ :
ਸ਼ਹਿਰ ਦੇ ਪੌਸ਼ ਇਲਾਕਿਆਂ ‘ਚ ਬਿਨਾਂ ਨੰਬਰੀ ਬਾਈਕ ‘ਤੇ ਲੁੱਟ-ਖੋਹ ਕਰਨ ਵਾਲੇ 4 ਮੁਲਜ਼ਮਾਂ ਨੂੰ ਥਾਣਾ ਸਰਾਭਾ ਨਗਰ ਦੀ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ, ਜਦਕਿ ਮੁਲਜ਼ਮਾਂ ਦੇ ਦੋ ਸਾਥੀ ਅਜੇ ਫਰਾਰ ਹਨ। ਫੜੇ ਗਏ ਮੁਲਜ਼ਮਾਂ ਵਿੱਚ ਹਰਪ੍ਰੀਤ ਸਿੰਘ ਉਰਫ਼ ਗੋਗੀ, ਦੀਪਕ ਕੁਮਾਰ, ਕਰਨ ਸਿੰਘ ਅਤੇ ਜਮਨਿਆਲ ਸ਼ਾਮਲ ਹਨ। ਮੁਲਜ਼ਮਾਂ ਦੇ ਕਬਜ਼ੇ ’ਚੋਂ 13 ਮੋਬਾਈਲ ਫੋਨ, ਬਿਨਾਂ ਨੰਬਰੀ ਇੱਕ ਮੋਟਰਸਾਈਕਲ, ਇੱਕ ਏਅਰ ਪਿਸਟਲ ਅਤੇ ਤੇਜ਼ਧਾਰ ਹਥਿਆਰ ਬਰਾਮਦ ਕੀਤੇ ਗਏ ਹਨ। ਇਸ ਤੋਂ ਇਲਾਵਾ ਮੁਲਜ਼ਮਾਂ ਦੇ ਦੋ ਸਾਥੀ ਗੋਪੀ ਅਤੇ ਜੋਬਨ ਅਜੇ ਫਰਾਰ ਹਨ। ਉਨ੍ਹਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮਾਂ ਨੇ 20 ਤੋਂ ਵੱਧ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ ਅਤੇ ਰਾਹਗੀਰਾਂ ਨੂੰ ਏਅਰ ਪਿਸਤੌਲ ਦਾ ਡਰਾਵਾ ਦੇ ਕੇ ਨਕਦੀ, ਮੋਬਾਈਲ ਫੋਨ ਅਤੇ ਹੋਰ ਸਾਮਾਨ ਲੁੱਟ ਲਿਆ ਹੈ। ਜ਼ਿਆਦਾਤਰ ਮੁਲਜ਼ਮ ਸ਼ਹਿਰ ਦੇ ਪੌਸ਼ ਇਲਾਕਿਆਂ ਸਰਾਭਾ ਨਗਰ ਅਤੇ ਪੀਏਯੂ ਵਿੱਚ ਜੁਰਮ ਕਰਦੇ ਸਨ। ਸਾਰੇ ਦੋਸ਼ੀ 22 ਤੋਂ 25 ਸਾਲ ਦੀ ਉਮਰ ਦੇ ਹਨ ਜਦਕਿ ਇਕ ਦੋਸ਼ੀ ਇਸ ਤੋਂ ਘੱਟ ਉਮਰ ਦਾ ਹੈ। ਇਹ ਲੋਕ ਐਸ਼ੋ-ਆਰਾਮ ਦੀ ਖ਼ਾਤਰ ਅਪਰਾਧ ਕਰਦੇ ਸਨ। ਫਿਲਹਾਲ ਪੁਲਿਸ ਨੇ ਮੁਲਜ਼ਮਾਂ ਦਾ ਰਿਮਾਂਡ ਹਾਸਲ ਕਰ ਲਿਆ ਹੈ। ਮੁਲਜ਼ਮਾਂ ਦੇ ਸਾਥੀਆਂ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।