ਫਾਜ਼ਿਲਕਾ, 21 ਜੁਲਾਈ, ਬੋਲੇ ਪੰਜਾਬ ਬਿਊਰੋ :
ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਥਾਣਾ ਫਾਜ਼ਿਲਕਾ ਦੀ ਪੁਲੀਸ ਨੇ ਸਬ ਡਵੀਜ਼ਨ ਦੇ ਸਰਹੱਦੀ ਪਿੰਡ ਨਵਾਂ ਹਸਤਾ ਤੋਂ ਮਾਂ, ਪੁੱਤਰ ਅਤੇ ਉਨ੍ਹਾਂ ਦੇ ਇੱਕ ਰਿਸ਼ਤੇਦਾਰ ਖ਼ਿਲਾਫ਼ ਸਰਹੱਦ ਪਾਰ ਤੋਂ ਹੈਰੋਇਨ ਲਿਆ ਕੇ ਭਾਰਤੀ ਖੇਤਰ ਵਿੱਚ ਵੇਚਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ ਅਤੇ ਨਸ਼ੀਲਾ ਪਦਾਰਥ ਬਰਾਮਦ ਤੇ ਡਰੱਗ ਮਨੀ ਬਰਾਮਦ ਕੀਤੀ ਹੈ।
ਫਾਜ਼ਿਲਕਾ ਥਾਣੇ ‘ਚ ਦਰਜ ਕੀਤੇ ਗਏ ਮੁਕੱਦਮੇ ਦੇ ਅਨੁਸਾਰ ਜਦੋਂ ਥਾਣਾ ਸਦਰ ਦੀ ਟੀਮ ਸਬ ਡਵੀਜ਼ਨ ਫਾਜ਼ਿਲਕਾ-ਜਲਾਲਾਬਾਦ ਦੇ ਖੇਤਰ ‘ਚ ਭਾਰਤ-ਪਾਕਿਸਤਾਨ ਸਰਹੱਦ ‘ਤੇ ਪਿੰਡ ਨਵਾਂ ਹਸਤਾ ਦੇ ਕੋਲ ਸੀ ਤਾਂ ਮੁਖਬਰ ਨੇ ਸੂਚਨਾ ਦਿੱਤੀ ਕਿ ਰਾਜਸਥਾਨ ਦੇ ਗੰਗਾਨਗਰ ਜ਼ਿਲ੍ਹੇ ਦੇ ਪਿੰਡ 6 ਦੇ ਵਸਨੀਕ ਜਸਪਾਲ ਸਿੰਘ, ਪਿੰਡ ਨਵਾਂ ਹਸਤਾ ਦੇ ਰਹਿਣ ਵਾਲੇ ਦਿਲਸ਼ਾਨ ਸਿੰਘ ਅਤੇ ਉਸ ਦੀ ਮਾਤਾ ਗੋਗਾ ਬਾਈ ਦੇ ਪਾਕਿਸਤਾਨੀ ਸਮੱਗਲਰਾਂ ਨਾਲ ਸਬੰਧ ਹਨ ਅਤੇ ਉਹ ਇੰਟਰਨੈੱਟ ‘ਤੇ ਗੱਲ ਕਰਕੇ ਪਾਕਿਸਤਾਨ ਤੋਂ ਹੈਰੋਇਨ ਲਿਆ ਕੇ ਭਾਰਤੀ ਖੇਤਰ ਵਿੱਚ ਵੇਚਣ ਦਾ ਕੰਮ ਕਰਦੇ ਹਨ।
ਟੀਮ ਜਦੋਂ ਦਿਲਸ਼ਾਨ ਸਿੰਘ ਦੇ ਘਰ ਛਾਪਾ ਮਾਰਨ ਜਾ ਰਹੀ ਸੀ ਤਾਂ ਉਕਤ ਤਿੰਨੇ ਵਿਅਕਤੀ ਘਰੋਂ ਨਿਕਲ ਰਹੇ ਸਨ। ਟੀਮ ਨੇ ਉਨ੍ਹਾਂ ਨੂੰ ਮੌਕੇ ‘ਤੇ ਕਾਬੂ ਕਰ ਕੇ ਉਨ੍ਹਾਂ ਦੇ ਘਰ ਦੀ ਤਲਾਸ਼ੀ ਲਈ ਤਾਂ ਘਰ ‘ਚੋਂ 9 ਲੱਖ ਰੁਪਏ ਦੀ ਕੀਮਤ ਦੀ 42 ਗ੍ਰਾਮ ਹੈਰੋਇਨ ਅਤੇ ਡਰੱਗ ਮਨੀ ਬਰਾਮਦ ਹੋਈ। ਵਰਨਣਯੋਗ ਹੈ ਕਿ ਜਸਪਾਲ ਸਿੰਘ ਦਿਲਸ਼ਾਨ ਸਿੰਘ ਦੀ ਭੂਆ ਦਾ ਲੜਕਾ ਹੈ ਜੋ ਤਸਕਰੀ ਦੇ ਕੰਮ ਲਈ ਇੱਥੇ ਰਹਿੰਦਾ ਸੀ। ਜਿਸ ‘ਤੇ ਤਿੰਨ ਵਿਅਕਤੀਆਂ ਖਿਲਾਫ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।