ਚੰਡੀਗੜ੍ਹ 21 ਜੁਲਾਈ ,ਬੋਲੇ ਪੰਜਾਬ ਬਿਊਰੋ :
ਵਿਸ਼ਵ ਪੰਜਾਬੀ ਸਾਹਿਤਕ ਵਿਚਾਰ ਮੰਚ (ਰਜਿ:) ਮੁਹਾਲੀ ਅਤੇ ਪੰਜਾਬੀ ਸਾਹਿਤ ਸਭਾ ਮੁਹਾਲੀ ਵੱਲੋਂ ਪ੍ਰਸਿੱਧ ਕਹਾਣੀਕਾਰ ਗੁਰਮੀਤ ਸਿੰਘ ਸਿੰਗਲ ਦੇ ਕਹਾਣੀ ਸੰਗ੍ਰਹਿ ‘ਝੁਕਿਆ ਹੋਇਆ ਸਿਰ’ ਤੇ ਚਰਚਾ ਕਰਨ ਅਤੇ ਕਵੀ ਦਰਬਾਰ ਦਾ ਆਯੋਜਨ ਪੰਜਾਬ ਕਲਾ ਭਵਨ, ਸੈਕਟਰ-16, ਚੰਡੀਗੜ੍ਹ ਵਿਖੇ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਜੰਗ ਬਹਾਦਰ ਗੋਇਲ, ਆਈ.ਏ.ਐਸ. (ਰਿਟਾ:) ਨੇ ਕੀਤੀ ਜਦੋਂ ਕਿ ਡਾ. ਦੀਪਕ ਮਨਮੋਹਨ ਸਿੰਘ ਨੇ ਬਤੌਰ ਮੁੱਖ ਮਹਿਮਾਨ ਸਮਾਗਮ ਵਿੱਚ ਸ਼ਿਰਕਤ ਕੀਤੀ। ਉੱਘੇ ਸਾਹਿਤਕਾਰ ਮਨਮੋਹਨ ਸਿੰਘ ਦਾਊਂ ਅਤੇ ਸੰਜੀਵਨ ਸਿੰਘ ਹੁਰਾਂ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਹਾਜ਼ਰੀ ਭਰੀ। ਭਗਤ ਰਾਮ ਰੰਗਾੜਾ, ਜਨਰਲ ਸਕੱਤਰ, ਵਿਸ਼ਵ ਪੰਜਾਬੀ ਸਾਹਿਤਕ ਵਿਚਾਰ ਮੰਚ (ਰਜਿ:) ਨੇ ਮੰਚ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਮਨਮੋਹਨ ਸਿੰਘ ਦਾਊਂ ਵੱਲੋਂ ਵਿਸਥਾਰ ਵਿੱਚ ਪੁਸਤਕ ਤੇ ਪਰਚਾ ਪੜ੍ਹਿਆ ਗਿਆ। ਸੰਜੀਵਨ ਸਿੰਘ ਅਤੇ ਡਾ. ਸਵਰਾਜ ਸੰਧੂ ਨੇ ਪੁਸਤਕ ਤੇ ਉਸਾਰੂ ਅਲੋਚਨਾ ਕੀਤੀ। ਜੰਗ ਬਹਾਦਰ ਗੋਇਲ ਨੇ ਕਿਹਾ ਕਿ ਸ਼ਬਦ ਜਗਾਉਂਦੇ ਨੇ ਤੇ ਤੜਫ਼ਾਉਂਦੇ ਨੇ ਪਰ ਨਿੱਗਰ ਸਾਹਿਤ ਦੀ ਸਿਰਜਨਾ ਲਈ ਇੱਕ ਲੇਖਕ ਵਾਸਤੇ ਮਿਆਰੀ ਸਾਹਿਤ ਨੂੰ ਪੜ੍ਹਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਪ੍ਰਸੰਸਾ ਕਰਦੇ ਹੋਏ ਆਸ ਪ੍ਰਗਟਾਈ ਕਿ ਅਗਲੇਰੀ ਪੁਸਤਕ ਦਾ ਸਾਹਿਤਕ ਪੱਧਰ ਹੋਰ ਵੀ ਵਧੀਆ ਹੋਵੇਗਾ। ਡਾ. ਦੀਪਕ ਮਨਮੋਹਨ ਸਿੰਘ ਨੇ ਸ਼ਲਾਘਾ ਕਰਦੇ ਹੋਏ ਕਿਹਾ ਕਿ ਕਹਾਣੀਕਾਰ ਨੇ ਪੁਸਤਕ ਦਾ ਵਧੀਆ ਨਾਮ ‘ਝੁਕਿਆ ਹੋਇਆ ਸਿਰ’ ਚੁਣਿਆ ਹੈ। ਇਸ ਵਿੱਚ ਸਮਾਜ ਦੇ ਦੁੱਖਾਂ-ਸੁੱਖਾਂ ਦੀਆਂ ਗੱਲਾਂ ਨੇ ਜੋ ਪ੍ਰੇਰਨਾ ਦਿੰਦੀਆਂ ਹਨ। ਉਨ੍ਹਾਂ ਸ਼ਲਾਘਾ ਕੀਤੀ ਕਿ ਅਣਗੌਲੇ ਸਾਹਿਤਕਾਰ ਨੂੰ ਬਣਦਾ ਮਾਣ ਸਤਿਕਾਰ ਜੋ ਪਹਿਲਾਂ ਨਹੀਂ ਮਿਲਿਆ ਹੁਣ ਦਿੱਤਾ ਗਿਆ ਹੈ। ਇੰਜੀ. ਜਸਪਾਲ ਸਿੰਘ ਦੇਸੂਵੀ, ਪ੍ਰਧਾਨ, ਵਿਸ਼ਵ ਪੰਜਾਬੀ ਸਾਹਿਤਕ ਵਿਚਾਰ ਮੰਚ (ਰਜਿ:) ਨੇ ਕਿਹਾ ਕਿ ਅਜੋਕੀਆਂ ਸਮਾਜਿਕ ਪ੍ਰਸਥਿਤੀਆਂ ਅਤੇ ਮਸਨੂਈ ਬੌਧਿਕਤਾ ਦਾ ਟਾਕਰਾ ਕਰਨ ਲਈ ਅੱਜ ਦੇ ਸਮੇਂ ਵਿੱਚ ਇਹ ਜ਼ਰੂਰੀ ਹੈ ਕਿ ‘ਦੁਨੀਆ ਭਰ ਦੇ ਸਾਹਿਤਕਾਰੋ ਇੱਕ ਹੋ ਜਾਓ’ ਦਾ ਨਾਅਰਾ ਸੰਸਾਰ ਭਰ ਵਿੱਚ ਬੁਲੰਦ ਕੀਤਾ ਜਾਵੇ। ਦੂਜੇ ਪੜਾਅ ਵਿੱਚ ਕਵੀ ਦਰਬਾਰ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਸਾਂਝੇ ਤੌਰ ਤੇ ਪ੍ਰਿੰ. ਬਹਾਦਰ ਸਿੰਘ ਗੋਸਲ, ਬਲਕਾਰ ਸਿੰਘ ਸਿੱਧੂ, ਗੁਰਦਰਸ਼ਨ ਸਿੰਘ ਮਾਵੀ, ਡਾ. ਗੁਰਵਿੰਦਰ ਅਮਨ, ਬਾਬੂ ਰਾਮ ਦੀਵਾਨਾ ਅਤੇ ਕਰਮਜੀਤ ਸਿੰਘ ਬੱਗਾ ਨੇ ਕੀਤੀ। ਹਾਜ਼ਰ ਕਵੀਆਂ ਇੰਜ. ਤਰਸੇਮ ਰਾਜ, ਡਾ. ਮਨਜੀਤ ਬੱਲ, ਸ਼ਾਇਰ ਭੱਟੀ, ਦਵਿੰਦਰ ਢਿੱਲੋਂ, ਸਿਮਰਜੀਤ ਕੌਰ ਗਰੇਵਾਲ, ਬਾਬੂ ਰਾਮ ਦੀਵਾਨਾ, ਕਰਮਜੀਤ ਸਿੰਘ ਬੱਗਾ, ਗੁਰਜੋਧ ਕੌਰ, ਸੁਰਿੰਦਰ ਕੌਰ ਬਾੜਾ, ਧਿਆਨ ਸਿੰਘ ਕਾਹਲੋਂ, ਡਾ. ਪੰਨਾ ਲਾਲ ਮੁਸਤਫ਼ਾਬਾਦੀ, ਕਿਰਨ ਬੇਦੀ, ਪ੍ਰੋ. ਕਮਲਜੀਤ ਕੰਵਰ, ਜਸਵੰਤ ਸਿੰਘ ਕੰਵਰ, ਚਰਨਜੀਤ ਕੌਰ ਬਾਠ, ਮੰਦਰ ਗਿੱਲ, ਪਾਲ ਅਜਨਬੀ, ਡਾ. ਗੁਰਵਿੰਦਰ ਅਮਨ, ਸਤੀਸ਼ ਮਧੋਕ, ਦਲਜੀਤ ਕੌਰ ਦਾਊਂ, ਲਾਭ ਸਿੰਘ ਲਹਿਲੀ, ਮਿੱਕੀ ਪਾਸੀ, ਬਲਜੀਤ ਫਿੱਡਿਆਂਵਾਲਾ, ਜਗਸੀਰ ਸਿੰਘ ਮਹਿਰਾ, ਬਲਦੇਵ ਸਿੰਘ ਬਿੰਦਰਾ, ਸ਼ਮਸ਼ੀਰ ਸਿੰਘ ਸੋਢੀ, ਭੁਪਿੰਦਰ ਸਿੰਘ ਝੱਜ, ਬਲਕਾਰ ਸਿੱਧੂ ਆਦਿ ਨੇ ਆਪਣੀਆਂ-ਆਪਣੀਆਂ ਰਚਨਾਵਾਂ ਸੁਣਾ ਕੇ ਸਰੋਤਿਆਂ ਨੂੰ ਝੂੰਮਣ ਲਾ ਦਿੱਤਾ। ਸਟੇਜ਼ ਸੰਚਾਲਨ ਡਾ. ਸਵਰਾਜ ਸੰਧੂ ਅਤੇ ਭਗਤ ਰਾਮ ਰੰਗਾੜਾ ਵੱਲੋਂ ਬਾਖੂਬੀ ਨਿਭਾਇਆ ਗਿਆ।