ਦੇਹਰਾਦੂਨ, 21 ਜੁਲਾਈ, ਬੋਲੇ ਪੰਜਾਬ ਬਿਊਰੋ :
ਉਤਰਾਖੰਡ ਦੇ ਰੁਦਰਪ੍ਰਯਾਗ ਜ਼ਿਲੇ ‘ਚ ਕੇਦਾਰਨਾਥ ਮਾਰਗ ‘ਤੇ ਪੱਥਰ ਡਿੱਗਣ ਨਾਲ ਤਿੰਨ ਸ਼ਰਧਾਲੂਆਂ ਦੀ ਮੌਤ ਹੋ ਗਈ। ਇਸ ਹਾਦਸੇ ‘ਚ ਦੋ ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ। ਰੁਦਰਪ੍ਰਯਾਗ ਜ਼ਿਲ੍ਹਾ ਆਫ਼ਤ ਪ੍ਰਬੰਧਨ ਦੇ ਨੰਦਨ ਸਿੰਘ ਰਾਜਵਰ ਨੇ ਇਹ ਜਾਣਕਾਰੀ ਦਿੱਤੀ ਹੈ।
ਉਨ੍ਹਾਂ ਦੱਸਿਆ ਕਿ ਪਹਾੜੀ ਤੋਂ ਪੱਥਰ ਡਿੱਗਣ ਅਤੇ ਸ਼ਰਧਾਲੂਆਂ ਦੇ ਹੇਠਾਂ ਦੱਬਣ ਦੀ ਸੂਚਨਾ ਮਿਲੀ ਹੈ। ਸੂਚਨਾ ਮਿਲਦੇ ਹੀ ਚਾਰਧਾਮ ਸ਼ਰਧਾਲੂਆਂ ਦੀ ਸੁਰੱਖਿਆ ਲਈ ਤਾਇਨਾਤ ਐਨਡੀਆਰਐਫ, ਡੀਡੀਆਰ, ਵਾਈਐਮਐਫ ਦੀਆਂ ਟੀਮਾਂ ਮੌਕੇ ’ਤੇ ਪਹੁੰਚ ਗਈਆਂ। ਰਾਹਤ ਅਤੇ ਬਚਾਅ ਕਾਰਜ ਚਲਾਏ ਗਏ ਹਨ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਹਾਦਸੇ ਦਾ ਕਾਰਨ ਉੱਤਰਾਖੰਡ ਵਿੱਚ ਪਿਛਲੇ ਕਈ ਦਿਨਾਂ ਤੋਂ ਹੋ ਰਹੀ ਭਾਰੀ ਬਾਰਿਸ਼ ਨੂੰ ਦੱਸਿਆ ਜਾ ਰਿਹਾ ਹੈ।
ਭਾਰਤੀ ਮੌਸਮ ਵਿਭਾਗ ਨੇ ਉੱਤਰਾਖੰਡ ਵਿੱਚ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਹੈ। ਭਾਵੇਂ ਹੁਣ ਚਾਰਧਾਮ ਦੇ ਸ਼ਰਧਾਲੂਆਂ ਦੀ ਗਿਣਤੀ ਘਟਣੀ ਸ਼ੁਰੂ ਹੋ ਗਈ ਹੈ ਪਰ ਯਾਤਰਾ ਦੀਵਾਲੀ ਤੱਕ ਜਾਰੀ ਰਹੇਗੀ।