ਡੇਰਾਬਸੀ, 20 ਜੁਲਾਈ, ਬੋਲੇ ਪੰਜਾਬ ਬਿਊਰੋ :
ਡੇਰਾਬਸੀ ‘ਚ ਸ਼ਰੇਆਮ ਗੁੰਡਾਗਰਦੀ ਦੇਖਣ ਨੂੰ ਮਿਲੀ ਹੈ। ਸ਼ਹਿਰ ਦੀ ਸ਼ਕਤੀ ਨਗਰ ਕਲੋਨੀ ‘ਚ ਸਥਿਤ ਡਾਇਗਨੌਸਟਿਕ ਸੈਂਟਰ ‘ਚ ਮੋਟਰਸਾਈਕਲ ‘ਤੇ ਆਏ ਦੋ ਨਕਾਬਪੋਸ਼ ਨੌਜਵਾਨਾਂ ਨੇ ਦਿਨ ਦਿਹਾੜੇ ਰਿਸੈਪਸ਼ਨਿਸਟ ਨੂੰ ਧਮਕੀ ਭਰੀ ਚਿੱਠੀ ਦੇ ਕੇ ਹਵਾ ‘ਚ ਗੋਲੀਆਂ ਚਲਾਈਆਂ ਅਤੇ ਫ਼ਰਾਰ ਹੋ ਗਏ। ਇਸ ਘਟਨਾ ਨਾਲ ਜਿੱਥੇ ਸਾਰੇ ਕਰਮਚਾਰੀ ਡਰੇ ਹੋਏ ਹਨ, ਉੱਥੇ ਹੀ ਸ਼ਹਿਰ ਦੇ ਲੋਕਾਂ ਵਿੱਚ ਵੀ ਸਹਿਮ ਦਾ ਮਾਹੌਲ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਦੋ ਅਣਪਛਾਤੇ ਨੌਜਵਾਨ ਮੂੰਹ ਢੱਕੇ ਹੋਏ ਮੋਟਰਸਾਈਕਲ ’ਤੇ ਦੁਪਹਿਰ 1.45 ਵਜੇ ਦੇ ਕਰੀਬ ਡੇਰਾਬਸੀ ਥਾਣੇ ਤੋਂ ਕੁਝ ਦੂਰੀ ’ਤੇ ਸਥਿਤ ਅਪੋਲੋ ਡਾਇਗਨੌਸਟਿਕ ਸੈਂਟਰ ਅੱਗੇ ਆਏ। ਜਿਨ੍ਹਾਂ ਵਿੱਚੋਂ ਇੱਕ ਨੌਜਵਾਨ ਨੇ ਸੈਂਟਰ ਦੀ ਰਿਸੈਪਸ਼ਨਿਸਟ ਨੂੰ ਪਰਚੀ ਦਿੱਤੀ। ਜਿਸ ‘ਚ ਲਿਖਿਆ ਸੀ ਕਿ ਅਸੀਂ ਕੌਸ਼ਲ ਚੌਧਰੀ ਗੈਂਗ ਦੇ ਮੈਂਬਰ ਹਾਂ ਅਤੇ ਉਨ੍ਹਾਂ ਦੇ ਕਹਿਣ ‘ਤੇ ਇਹ ਕੰਮ ਕੀਤਾ ਹੈ। ਜੇਕਰ ਤੁਸੀਂ ਆਪਣੀ ਸੁਰੱਖਿਆ ਚਾਹੁੰਦੇ ਹੋ ਤਾਂ ਦਿੱਤੇ ਵਟਸਐਪ ਨੰਬਰ ‘ਤੇ ਗੱਲ ਕਰੋ। ਨਹੀਂ ਤਾਂ ਅੱਜ ਇੱਕ ਗੋਲੀ ਚੱਲੀ ਹੈ, ਕੱਲ੍ਹ 101 ਚੱਲਣਗੀਆਂ।ਇਸ ਨੂੰ ਮਜ਼ਾਕ ਨਾ ਸਮਝਣਾ।
ਹਾਲਾਂਕਿ ਰਿਸੈਪਸ਼ਨਿਸਟ ਨੇ ਨੌਜਵਾਨ ਨੂੰ ਰੋਕ ਕੇ ਉਸ ਤੋਂ ਸਵਾਲ ਪੁੱਛਣ ਦੀ ਕੋਸ਼ਿਸ਼ ਕੀਤੀ ਪਰ ਇਸੇ ਦੌਰਾਨ ਨੌਜਵਾਨ ਨੇ ਸੈਂਟਰ ਤੋਂ ਬਾਹਰ ਜਾ ਕੇ ਹਵਾ ‘ਚ ਫਾਇਰਿੰਗ ਕੀਤੀ ਅਤੇ ਇਕ ਹੋਰ ਸਾਥੀ ਸਮੇਤ ਮੋਟਰਸਾਈਕਲ ‘ਤੇ ਫਰਾਰ ਹੋ ਗਿਆ। ਗੋਲੀ ਚੱਲਦੇ ਹੀ ਮਰੀਜ਼ਾਂ ਵਿੱਚ ਹਫੜਾ-ਦਫੜੀ ਮੱਚ ਗਈ।