ਮੁਹਾਲੀ, 19 ਜੁਲਾਈ, ਬੋਲੇ ਪੰਜਾਬ ਬਿਊਰੋ :
ਫ਼ਿਰੋਜ਼ਪੁਰ ਦੇ ਸਕੂਲ ਮੁਖੀਆਂ ਤੇ ਪ੍ਰਿੰਸੀਪਲਾਂ ਨੂੰ ਵਿਦਿਆਰਥੀਆਂ ਦਾ ਸਕੂਲਾਂ ਵਿਚੋਂ ਨਾਂ ਕੱਟਣਾ ਮਹਿੰਗਾ ਪੈ ਗਿਆ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਸਿੱਖਿਆ ਵਿਭਾਗ ਨੇ 37 ਸਕੂਲ ਮੁਖੀਆਂ ਤੇ ਪ੍ਰਿੰਸੀਪਲਾਂ ਨੂੰ ਚਾਰਜਸ਼ੀਟ ਕਰਕੇ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਹਨ। ਜ਼ਿਲ੍ਹਾ ਸਿੱਖਿਆ ਅਫ਼ਸਰ ਫ਼ਿਰੋਜ਼ਪੁਰ ਨੇ ਆਪਣੇ ਹੁਕਮਾਂ ਵਿਚ ਪੰਜਾਬ ਸਿਵਲ ਸੇਵਾਵਾਂ ਸਜ਼ਾ ਤੇ ਅਪੀਲ 1970 ਦੇ ਨਿਯਮ 5 ਦਾ ਹਵਾਲਾ ਦਿੱਤਾ ਹੈ। ਕਿਹਾ ਗਿਆ ਹੈ ਕਿ ਸਕੂਲ ਮੁੱਖੀਆਂ ਦੇ ਜਵਾਬ ਤੋਂ ਬਾਅਦ ਉਨ੍ਹਾਂ ਦੇ ਗੁਣ ਤੇ ਦੋਸ਼ਾਂ ਦਾ ਫ਼ੈਸਲਾ ਕੀਤਾ ਜਾਵੇਗਾ। ਡੀਈਓ ਨੇ ਕਿਹਾ ਹੈ ਕਿ ਇਹ ਗ਼ੈਰ ਜ਼ਿੰਮੇਵਾਰਾਨਾ ਕੰਮ ਹੈ ਜਿਸ ਕਰਕੇ ਇਨ੍ਹਾਂ ਅਧਿਕਾਰੀਆਂ ਨੇ ਆਪਣੇ ਆਪ ਨੂੰ ਸਜ਼ਾ ਦਾ ਭਾਗੀਦਾਰ ਬਣਾਇਆ ਹੈ। ਇਨ੍ਹਾਂ ਅਧਿਕਾਰੀਆਂ ਨੂੰ 19 ਜੁਲਾਈ 12 ਵਜੇ ਤਕ ਨਿੱਜੀ ਤੌਰ ’ਤੇ ਪੇਸ਼ ਹੋਕੇ ਆਪਣਾ ਜਵਾਬ ਦੇਣਾ ਹੋਵੇਗਾ।