ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ ਅੱਠ ਹੋਰ ਕੈਡਿਟਾਂ ਦੀ ਐਨ.ਡੀ.ਏ. ਲਈ ਚੋਣ

ਚੰਡੀਗੜ੍ਹ ਪੰਜਾਬ

ਹੁਣ ਤੱਕ ਸੰਸਥਾ ਦੇ 160 ਸਾਬਕਾ ਕੈਡਿਟ ਰੱਖਿਆ ਸੇਵਾਵਾਂ ਵਿੱਚ ਕਮਿਸ਼ਨਡ ਅਫ਼ਸਰ

ਵਜੋਂ ਹੋਏ ਸ਼ਾਮਲ: ਅਮਨ ਅਰੋੜਾ

ਚੰਡੀਗੜ੍ਹ, 18 ਜੁਲਾਈ ,ਬੋਲੇ ਪੰਜਾਬ ਬਿਊਰੋ :

ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ, ਐਸ.ਏ.ਐਸ. ਨਗਰ ਦੇ ਅੱਠ ਹੋਰ ਸਾਬਕਾ ਕੈਡਿਟਾਂ ਦੀ ਇਸੇ ਮਹੀਨੇ ਨੈਸ਼ਨਲ ਡਿਫੈਂਸ ਅਕੈਡਮੀ (ਐਨ.ਡੀ.ਏ.) ਅਤੇ ਹੋਰ ਸਰਵਿਸ ਸਿਖਲਾਈ ਅਕੈਡਮੀਆਂ ਲਈ ਚੋਣ ਹੋਈ ਹੈ। ਇਨ੍ਹਾਂ ਵਿੱਚੋਂ ਕੈਡਿਟ ਨਵਜੋਤ ਸਿੰਘ ਗਿੱਲ ਨੇ ਆਲ ਇੰਡੀਆ ਮੈਰਿਟ ਵਿੱਚ 11ਵਾਂ ਰੈਂਕ ਹਾਸਲ ਕੀਤਾ ਹੈ।

ਇਨ੍ਹਾਂ ਕੈਡਿਟਾਂ ਨੂੰ ਹਥਿਆਰਬੰਦ ਸੈਨਾਵਾਂ ਵਿੱਚ ਕਮਿਸ਼ਨਡ ਅਫ਼ਸਰ ਬਣਨ ਲਈ ਐਨ.ਡੀ.ਏ. ਵਿੱਚ ਸ਼ਾਮਲ ਹੋਣ ‘ਤੇ ਵਧਾਈ ਦਿੰਦਿਆਂ ਪੰਜਾਬ ਦੇ ਰੋਜ਼ਗਾਰ ਉੱਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ ਨੇ ਦੱਸਿਆ ਕਿ ਇਨ੍ਹਾਂ 08 ਕੈਡਿਟਾਂ- ਨਵਜੋਤ ਸਿੰਘ ਗਿੱਲ, ਵਿਵਾਨ ਸੂਦਨ, ਕਰਨਵੀਰ ਸਿੰਘ ਗਿੱਲ, ਪ੍ਰਤਿਊਸ਼ ਸਿੰਘ ਬੇਦੀ, ਮਨਕਰਨ ਸਿੰਘ ਢਿੱਲੋਂ, ਅਨਮੋਲ ਬਾਂਕਾ, ਪ੍ਰਣਵ ਠਾਕੁਰ ਅਤੇ ਅੱਕੀਰੇਡੀ ਸਾਈ ਵੇਦਾਂਸ਼, ਦੀ ਚੋਣ ਨਾਲ ਇਸ ਸੰਸਥਾ ਦੀ ਸਥਾਪਨਾ ਤੋਂ ਹੁਣ ਤੱਕ ਇਸ ਦੇ ਕੁੱਲ 237 ਕੈਡਿਟ ਵੱਖ-ਵੱਖ ਸਰਵਿਸਿਜ਼ ਸਿਖਲਾਈ ਅਕੈਡਮੀਆਂ ਵਿੱਚ ਸ਼ਾਮਲ ਹੋਏ ਹਨ।
ਉਨ੍ਹਾਂ ਦੱਸਿਆ ਕਿ ਇਸ ਸੰਸਥਾ ਦੇ 160 ਸਾਬਕਾ ਕੈਡਿਟ ਰੱਖਿਆ ਸੇਵਾਵਾਂ ਵਿੱਚ ਅਫ਼ਸਰ ਵਜੋਂ ਨਿਯੁਕਤ ਹੋ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਰੱਖਿਆ ਸੇਵਾਵਾਂ ਵਿੱਚ ਸ਼ਾਮਲ ਹੋਣ ਦੇ ਚਾਹਵਾਨ ਨੌਜਵਾਨਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇਹ ਸੂਬੇ ਲਈ ਮਾਣ ਵਾਲੀ ਗੱਲ ਹੈ ਕਿ 56.64 ਫ਼ੀਸਦੀ ਚੋਣ ਦਰ ਨਾਲ ਇਹ ਸੰਸਥਾ ਦੇਸ਼ ਵਿੱਚ ਆਪਣੀ ਕਿਸਮ ਦੀ ਸਭ ਤੋਂ ਸਫ਼ਲ ਸੰਸਥਾ ਹੈ।
ਮਹਾਰਾਜਾ ਰਣਜੀਤ ਸਿੰਘ ਏ.ਐਫ.ਪੀ.ਆਈ. ਦੇ ਡਾਇਰੈਕਟਰ ਮੇਜਰ ਜਨਰਲ ਅਜੈ ਐਚ. ਚੌਹਾਨ (ਸੇਵਾਮੁਕਤ) ਨੇ ਇਹਨਾਂ ਕੈਡਿਟਾਂ ਨੂੰ ਦੇਸ਼ ਦੇ ਸੱਚੇ ਸਿਪਾਹੀਆਂ ਬਣਨ ਦੀ ਪ੍ਰੇਰਨਾ ਦਿੰਦਿਆਂ ਕਿਹਾ ਕਿ ਇਹ ਸਾਡੇ ਦੇਸ਼ ਦਾ ਸਰਮਾਇਆ ਹਨ। ਉਨ੍ਹਾਂ ਦੱਸਿਆ ਕਿ ਕੋਰਸਾਂ ਲਈ ਐਸ.ਐਸ.ਬੀਜ਼ ਚੱਲ ਰਹੀ ਹੈ, ਜਿਸ ਵਿੱਚ ਇਸ ਸੰਸਥਾ ਦੇ ਕੈਡਿਟਾਂ ਦੀ ਚੋਣ ਕੀਤੀ ਜਾ ਰਹੀ ਹੈ। ਕੈਡਿਟਾਂ ਨੂੰ ਕਾਲ ਲੈਟਰ ਮਿਲਣ ਤੋਂ ਪਹਿਲਾਂ ਮੈਡੀਕਲ ਕਰਵਾਉਣਾ ਲਾਜ਼ਮੀ ਹੈ।

Leave a Reply

Your email address will not be published. Required fields are marked *