‘ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ’ ਵੱਲੋਂ ਵੀ ਪੰਨੂੰ ਸਾਹਿਬ ਨੂੰ ਸਨਮਾਨਿਤ ਕੀਤਾ ਗਿਆ
ਕੈਨੇਡਾ 18 ਜੁਲਾਈ ,ਬੋਲੇ ਪੰਜਾਬ ਬਿਊਰੋ ,(ਹਰਦੇਵ ਚੌਹਾਨ)
ਕੰਪਿਊਟਰ ਮਾਹਿਰ ਕਿਰਪਾਲ ਸਿੰਘ ਪੰਨੂ ਵੱਲੋਂ ਬਹੁ-ਮੁੱਲੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਬਰੈਂਪਟਨ ਦੀ ‘ਕਲਮਾਂ ਦੀ ਸਾਂਝ ਸਾਹਿਤ ਸਭਾ’ ਵੱਲੋਂ ਉਨ੍ਹਾਂ ਨੂੰ ‘ਲਾਈਫ਼ ਟਾਈਮ ਅਚੀਵਮੈਂਟ’ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਪਹਿਲਾਂ ‘ਵਿਸ਼ਵ ਪੰਜਾਬੀ ਭਵਨ’ ਵਿਖੇ ਭਾਰਤ ਵਿਚ
ਨਾਮਧਾਰੀ ਲਹਿਰ ਦੇ ਯੋਗਦਾਨ ਬਾਰੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ।
ਪਹਿਲੇ ਸੈਸ਼ਨ ਦੇ ਪ੍ਰਧਾਨਗੀ-ਮੰਡਲ ਵਿਚ ਖੇਡ-ਲੇਖਕ ਪ੍ਰਿੰ. ਸਰਵਣ ਸਿੰਘ, ਪ੍ਰੋੜ ਲੇਖਕ ਪੂਰਨ ਸਿੰਘ ਪਾਂਧੀ, ਪ੍ਰੋ. ਰਾਮ ਸਿੰਘ, ਡਾ. ਕੰਵਲਜੀਤ ਕੌਰ ਢਿੱਲੋਂ, ਨਾਮਧਾਰੀ ਸੰਗਤ ਦੇ ਪ੍ਰਧਾਨ ਕਰਨੈਲ ਸਿੰਘ ਮਰਵਾਹਾ ਤੇ ‘ਕਲਮਾਂ ਦੀ ਸਾਂਝ ਸਾਹਿਤ ਸਭਾ’ ਦੇ ਪ੍ਰਧਾਨ ਹਰਦਿਆਲ ਸਿੰਘ ਝੀਤਾ ਸ਼ਾਮਲ ਰਹੇ।
ਡਾ. ਕੰਵਲਜੀਤ ਕੌਰ ਢਿੱਲੋਂ ਨੇ ਨਾਮਧਾਰੀ ਲਹਿਰ
ਦੇ ਬਾਨੀ ਸਤਿਗੁਰੂ ਰਾਮ ਸਿੰਘ ਵੱਲੋਂ ਭਾਰਤ ਦੀ ਆਜ਼ਾਦੀ ਅਤੇ ਸਮਾਜ ਸੁਧਾਰ ਲਈ ਚੁੱਕੇ ਗਏ ਕਦਮਾਂ ਦੀ ਭਰਪੂਰ ਸਰਾਹਨਾ ਕੀਤੀ। ਅਜੀਤ ਸਿੰਘ ਲਾਇਲ ਨੇ ਸਤਿਗੁਰੂ ਰਾਮ ਸਿੰਘ ਵੱਲੋਂ ਨਾਮਧਾਰੀ ਲਹਿਰ ਦੇ ਆਰੰਭ ਅਤੇ ਇਸ ਦੇ ਸਮੁੱਚੇ ਪ੍ਰਭਾਵ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਪੂਰਨ ਸਿੰਘ ਪਾਂਧੀ ਨੇ ਗੁਰਬਾਣੀ ਸੰਗੀਤ ਦੀ ਮਹਾਨਤਾ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਨਾਮਧਾਰੀ ਰਾਗੀ-ਜੱਥਿਆਂ ਵੱਲੋਂ ਤੰਤੀ-ਸਾਜ਼ਾਂ ਨਾਲ ਕੀਰਤਨ ਕਰਕੇ ਗੁਰਬਾਣੀ ਕੀਰਤਨ ਦੀ ਪਰੰਪਰਾ ਨੂੰ ਮੁੜ-ਸੁਰਜੀਤ ਕੀਤਾ ਗਿਆ ਹੈ। ਡਾ. ਪਰਗਟ ਸਿੰਘ ਨੇ ਸਿੱਖੀ ਵਿਚ ‘ਸੇਵਾ’ ਦੇ ਸੰਕਲਪ ਨੂੰ ਆਪਣੇ ਬੋਲਣ ਦਾ ਵਿਸ਼ਾ ਬਣਾਇਆ, ਜਦਕਿ ਪ੍ਰੋ. ਰਾਮ ਸਿੰਘ ਨੇ ਪਿਛਲੇ 150 ਸਾਲਾਂ ਦੌਰਾਨ ਸਮੇਂ-ਸਮੇਂ ਉੱਠੀਆਂ ਆਜ਼ਾਦੀ ਤੇ ਸਮਾਜ ਸੁਧਾਰ ਦੀਆਂ ਵੱਖ-ਵੱਖ ਲਹਿਰਾਂ – ‘ਕੂਕਾ ਲਹਿਰ’, ‘ਗ਼ਦਰ ਲਹਿਰ’, ‘ਗੁਰਦੁਆਰਾ ਸੁਧਾਰ ਲਹਿਰ’ ਤੇ ‘ਆਰੀਆ ਸਮਾਜੀ ਲਹਿਰ ਦਾ ਸੰਖੇਪ ਜ਼ਿਕਰ ਕੀਤਾ। ਪ੍ਰੋ. ਜਗੀਰ ਸਿੰਘ ਕਾਹਲੋਂ ਤੇ ਮਲੂਕ ਸਿੰਘ ਕਾਹਲੋਂ ਵੱਲੋਂ ਵੀ ਨਾਮਧਾਰੀ ਲਹਿਰ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ ਗਏ।
‘ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ’ ਦੇ ਚੇਅਰਪਰਸਨ ਕਰਨ ਅਜਾਇਬ ਸਿੰਘ ਸੰਘਾ ਨੇ ਪੰਨੂੰ ਸਾਹਿਬ ਨਾਲ ਆਪਣੀ ਪਹਿਲੀ ਮੁਲਾਕਾਤ ਤੇ ਬਾਅਦ ਵਿਚ ਉਨ੍ਹਾਂ ਕੋਲੋਂ ਕੰਪਿਊਟਰ ਸਿੱਖਣ ਦਾ ਜ਼ਿਕਰ ਬੜੇ ਭਾਵਪੂਰਤ ਸ਼ਬਦਾਂ ਵਿਚ ਕੀਤਾ। ਸਭਾ ਦੇ ਸਰਪ੍ਰਸਤ ਬਲਰਾਜ ਚੀਮਾ ਨੇ ਪੰਨੂੰ ਹੋਰਾਂ ਨਾਲ ‘ਕਲਮਾਂ ਦੇ ਕਾਫ਼ਲੇ’ ਦੀਆਂ ਮੀਟਿੰਗਾਂ ਵਿਚਲੀਆਂ ਦਿਲਚਸਪ ਯਾਦਾਂ ਸਾਂਝੀਆਂ ਕੀਤੀਆਂ। ਡਾ. ਸੁਖਦੇਵ ਸਿੰਘ ਝੰਡ ਨੇ ਆਪਣੇ ਸੰਬੋਧਨ ਵਿਚ ਪੰਨੂੰ ਸਾਹਿਬ ਨੂੰ “ਕੰਪਿਊਟਰ ਦੇ ਰੋਗਾਂ ਤੇ ਰੋਗੀਆਂ ਦਾ ਵੈਦ” ਕਿਹਾ।
ਤਲਵਿੰਦਰ ਸਿੰਘ ਮੰਡ, ਡਾ. ਜਗਮੋਹਨ ਸਿੰਘ ਸੰਘਾ ਤੇ ਸੁਖਚਰਨਜੀਤ ਕੌਰ ਗਿੱਲ ਵੱਲੋਂ ਵੀ ਪੰਨੂੰ ਸਾਹਿਬ ਦੀ ਸ਼ਖ਼ਸੀਅਤ ਦੇ ਵੱਖ-ਵੱਖ ਪਹਿਲੂਆਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਗਏ।
ਪ੍ਰਿੰ. ਸਰਵਣ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਨਿੱਜੀ ਇੱਛਾ ਹੈ ਕਿ ਪੰਨੂੰ ਸਾਹਿਬ ਆਪਣੀ ਸਵੈ-ਜੀਵਨੀ ਜ਼ਰੂਰ ਲਿਖਣ।
ਡਾ. ਬਲਵਿੰਦਰ ਧਾਲੀਵਾਲ ਨੇ ਆਪਣੇ ਸੰਬੋਧਨ ਵਿਚ ਪੰਨੂੰ ਸਾਹਿਬ ਦੇ ਪੰਜਾਬੀ ‘ਕੀ-ਬੋਰਡ’, ‘ਪੰਜਾਬੀ ਫੌਂਟਸ’ ਅਤੇ ਉਨ੍ਹਾਂ ਦੀ ਆਪਸੀ ਤਬਦੀਲੀ ਬਾਰੇ ਦੱਸਿਆ।
‘ਕਰਾਊਨ ਇਮੀਗਰੇਸ਼ਨ’ ਦੇ ਰਾਜਪਾਲ ਸਿੰਘ ਹੋਠੀ, ‘ਅੰਗਸੰਗ’ ਵਾਲੇ ਸ਼ਾਮ ਸਿੰਘ, ਐਡਵੋਕੇਟ ਸੁੱਚਾ ਸਿੰਘ ਮਾਂਗਟ, ਪ੍ਰੋ. ਰਾਮ ਸਿੰਘ, ਲਹਿੰਦੇ ਪੰਜਾਬ ਦੇ ਮਕਸੂਦ ਚੌਧਰੀ, ਸਕੂਲ-ਟਰੱਸਟੀ ਬਲਬੀਰ ਸੋਹੀ, ‘ਸਰਗਮ’ ਰੇਡੀਓ ਦੀ ਕੋ-ਹੋਸਟ ਸੰਦੀਪ ਧੰਨੋਆ, ਕਵਿੱਤਰੀਆਂ ਪਰਮਜੀਤ ਦਿਓਲ ਤੇ ਹਰਭਜਨ ਕੌਰ ਗਿੱਲ ਨੇ ਵੀ ਪੰਨੂੰ ਸਾਹਿਬ ਦੀਆਂ ਕੰਪਿਊਟਰ-ਸੇਵਾਵਾਂ ਬਾਰੇ ਆਪਣੇ ਵਿਚਾਰ ਪ੍ਰਗਟਾਏ।
ਹਰਦਿਆਲ ਸਿੰਘ ਝੀਤਾ ਵੱਲੋਂ ਪੰਨੂੰ ਸਾਹਿਬ ਦੇ ਮਾਣ ਵਿਚ ‘ਸਨਮਾਨ-ਪੱਤਰ’ ਪੜ੍ਹਿਆ ਗਿਆ। ਉਪਰੰਤ, ਉਨ੍ਹਾਂ ਦੇ ਮਾਤਾ-ਪਿਤਾ ਦੀ ਯਾਦ ਵਿਚ ਉਨ੍ਹਾਂ ਵੱਲੋਂ ਪਿਛਲੇ ਸਾਲ ਸ਼ੁਰੂ ਕੀਤਾ ਗਿਆ ਇਹ ‘ਮਾਣ-ਸਨਮਾਨ’ ਪਰਿਵਾਰਕ ਮੈਂਬਰਾਂ, ਨਾਮਧਾਰੀ ਸੰਗਤ ਦੇ ਪ੍ਰਧਾਨ ਕਰਨੈਲ ਸਿੰਘ ਮਰਵਾਹਾ ਤੇ ਹੋਰ ਪਤਵੰਤੇ ਸੱਜਣਾਂ ਵੱਲੋਂ ਮਿਲ ਕੇ ਪੰਨੂੰ ਸਾਹਿਬ ਨੂੰ ਭੇਂਟ ਕੀਤਾ ਗਿਆ। ਇਸ ਵਿਚ ਸ਼ਾਨਦਾਰ ‘ਸਨਮਾਨ-ਚਿੰਨ’ ਮੋਤੀਆਂ ਦੀ ਮਾਲ਼ਾ ਤੇ ਲੋਈ ਦੇ ਨਾਲ ਕੁਝ ਨਕਦ-ਰਾਸ਼ੀ ਸ਼ਾਮਲ ਸੀ। ਏਸੇ ਤਰ੍ਹਾਂ ਉਨ੍ਹਾਂ ਦੀ ਅਰਧਾਂਗਣੀ ਸ਼੍ਰੀਮਤੀ ਪਤਵੰਤ ਕੌਰ ਨੂੰ ਗਰਮ ਸ਼ਾਲ ਭੇਂਟ ਕੀਤੀ ਗਈ ਤੇ ਗਲ਼ ਵਿਚ ਮੋਤੀਆਂ ਦੀ ਮਾਲ਼ਾ ਪਾਈ ਗਈ।