ਲੁਧਿਆਣਾ, 17 ਜੁਲਾਈ ,ਬੋਲੇ ਪੰਜਾਬ ਬਿਊਰੋ :
ਲੁਧਿਆਣਾ ’ਚ ਪੀ. ਆਰ. ਟੀ. ਸੀ. ਦੀ ਬੱਸ ਨੇ ਸਕਾਰਪੀਓ ਨੂੰ ਟੱਕਰ ਮਾਰ ਦਿੱਤੀ। ਘਟਨਾ ਤੋਂ ਬਾਅਦ ਬੱਸ ਡਰਾਈਵਰ ਅਤੇ ਕਾਰ ਮਾਲਕ ਵਿਚਾਲੇ ਜ਼ਬਰਦਸਤ ਤੂੰ- ਤੂੰ ,ਮੈਂ -ਮੈਂ ਹੋਈ। ਬਾਅਦ ‘ਚ ਗੁੱਸੇ ‘ਚ ਆਏ ਬੱਸ ਡਰਾਈਵਰ ਨੇ ਕਾਰ ਸਵਾਰਾਂ ‘ਤੇ ਦੋਸ਼ ਲਾਉਂਦਿਆਂ ਬੱਸ ਨੂੰ ਸੜਕ ਦੇ ਵਿਚਕਾਰ ਹੀ ਰੋਕ ਦਿੱਤਾ। ਪਿੱਛੇ ਤੋਂ ਆਉਂਦੀਆਂ ਪੀ.ਆਰ.ਟੀ.ਸੀ ਦੀਆਂ ਬਾਕੀ ਬੱਸਾਂ ਨੇ ਵੀ ਆਪਣੇ ਸਾਥੀ ਦਾ ਸਾਥ ਦਿੱਤਾ ਅਤੇ ਬੱਸਾਂ ਸੜਕ ‘ਤੇ ਖੜੀਆਂ ਕਰਕੇ ਜਾਮ ਲਗਾ ਦਿੱਤਾ।ਜਿਸ ਤੋਂ ਬਾਅਦ ਮਾਹੌਲ ਤਣਾਅਪੂਰਨ ਹੋ ਗਿਆ। ਜਾਮ ਕਾਰਨ ਲੋਕ ਘੰਟਿਆਂਬੱਧੀ ਆਵਾਜਾਈ ਵਿੱਚ ਫਸੇ ਰਹੇ। ਪੁਲਸ ਨੇ ਕਿਸੇ ਤਰ੍ਹਾਂ ਜਾਮ ਖੁਲ੍ਹਵਾਇਆ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਇਹ ਘਟਨਾ ਲੁਧਿਆਣਾ ਦੇ ਤਾਜਪੁਰ ਰੋਡ ‘ਤੇ ਵਾਪਰੀ। ਸਕਾਰਪੀਓ ਚਾਲਕ ਸਿਮਰਨ ਸਿੰਘ ਵਾਸੀ ਲੁਧਿਆਣਾ ਨੇ ਦੱਸਿਆ ਕਿ ਉਹ ਕਾਰ ਵਿੱਚ ਟਿੱਬਾ ਰੋਡ ਤੋਂ ਗਊਸ਼ਾਲਾ ਰੋਡ ਵੱਲ ਜਾ ਰਿਹਾ ਸੀ। ਜਿਵੇਂ ਹੀ ਉਹ ਤਾਜਪੁਰ ਚੌਕ ਨੇੜੇ ਪਹੁੰਚਿਆ ਤਾਂ ਸਾਹਮਣੇ ਤੋਂ ਆ ਰਹੀ ਪੀਆਰਟੀਸੀ ਦੀ ਬੱਸ ਨੇ ਉਨ੍ਹਾਂ ਦੀ ਗੱਡੀ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਉਸ ਨੇ ਦੱਸਿਆ ਕਿ ਬੱਸ ਚਾਲਕ ਮੁਆਵਜ਼ਾ ਦੇਣ ਦੀ ਬਜਾਏ ਉਸ ‘ਤੇ ਦੋਸ਼ ਲਗਾ ਰਿਹਾ ਹੈ ਅਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਕਿ ਉਹ ਸਰਕਾਰੀ ਬੱਸ ਦਾ ਸਰਕਾਰੀ ਮੁਲਾਜ਼ਮ ਹੈ ਤੇ ਜਾਮ ਲਗਾ ਦੇਣਗੇ।ਉਨ੍ਹਾਂ ਕਿਹਾ ਕਿ ਚੌਕ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਰਾਹੀਂ ਘਟਨਾ ਦੀ ਜਾਂਚ ਕਰਵਾਈ ਜਾਵੇ। ਸਿਮਰਨ ਨੇ ਦੱਸਿਆ ਕਿ ਘਟਨਾ ਸਮੇਂ ਜਦੋਂ ਬੱਸ ਦੇ ਡਰਾਈਵਰ ਅਤੇ ਕੰਡਕਟਰ ਨੇ ਉਸ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਤਾਂ ਚੌਕ ’ਤੇ ਤਾਇਨਾਤ ਪੁਲੀਸ ਮੁਲਾਜ਼ਮ ਵੀ ਮੂਕ ਦਰਸ਼ਕ ਬਣੇ ਰਹੇ। ਬਾਅਦ ‘ਚ ਪੁਲਸ ਟੀਮ ਮੌਕੇ ‘ਤੇ ਪਹੁੰਚ ਗਈ।