ਪੰਜਾਬ ਵਿੱਚ 16 ਜੁਲਾਈ ਨੂੰ ਰਿਕਾਰਡ ਉੱਚ ਬਿਜਲੀ ਮੰਗ ਪੂਰੀ ਕੀਤੀ ਗਈ: ਹਰਭਜਨ ਸਿੰਘ ਈ.ਟੀ.ਓ

ਚੰਡੀਗੜ੍ਹ ਪੰਜਾਬ

ਚੰਡੀਗੜ੍ਹ, 17 ਜੁਲਾਈ ,ਬੋਲੇ ਪੰਜਾਬ ਬਿਊਰੋ :

ਪੰਜਾਬ ਦੇ ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਨੇ ਅੱਜ ਇਥੇ ਦੱਸਿਆ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ (ਪੀ.ਐਸ.ਪੀ.ਸੀ.ਐਲ) ਨੇ 16 ਜੁਲਾਈ ਨੂੰ ਇੱਕ ਦਿਨ ਵਿੱਚ 3626 ਲੱਖ ਯੂਨਿਟ ਦੀ ਰਿਕਾਰਡ ਉੱਚ ਬਿਜਲੀ ਮੰਗ ਨੂੰ ਸਫਲਤਾਪੂਰਵਕ ਪੂਰਾ ਕੀਤਾ ਹੈ।

ਮੰਤਰੀ ਨੇ ਕਿਹਾ ਕਿ ਮੌਨਸੂਨ ਦੇ ਮੌਸਮ ਦੇ ਬਾਵਜੂਦ, ਨਮੀ ਵਾਲੀਆਂ ਸਥਿਤੀਆਂ ਅਤੇ ਘੱਟ ਮੀਂਹ ਕਾਰਨ ਰਾਜ ਵਿੱਚ ਬਿਜਲੀ ਦੀ ਮੰਗ ਵਿੱਚ ਭਾਰੀ ਵਾਧਾ ਹੋਇਆ ਹੈ। ਇਹ ਵਾਧਾ ਘਰੇਲੂ ਖਪਤ, ਝੋਨੇ ਦੀ ਫਸਲ ਦੀ ਸਿੰਚਾਈ, ਅਤੇ ਉਦਯੋਗਿਕ ਵਰਤੋਂ ਵਿੱਚ ਦੇਖਿਆ ਗਿਆ ਹੈ।

ਸ. ਹਰਭਜਨ ਸਿੰਘ ਈ.ਟੀ.ਓ. ਨੇ ਅੱਗੇ ਦੱਸਿਆ ਕਿ ਇਸ ਸਾਲ 23 ਜੂਨ ਨੂੰ ਪੀ.ਐਸ.ਪੀ.ਸੀ.ਐਲ ਨੇ ਇੱਕ ਦਿਨ ਵਿੱਚ 3563 ਲੱਖ ਯੂਨਿਟ ਦੀ ਸਪਲਾਈ ਕੀਤੀ ਸੀ, ਜੋ ਕਿ ਉਸ ਸਮੇਂ ਦਾ ਰਿਕਾਰਡ ਸੀ। ਹੁਣ 16 ਜੁਲਾਈ ਨੂੰ ਇਸ ਰਿਕਾਰਡ ਨੂੰ ਤੋੜ ਦਿੱਤਾ ਗਿਆ ਹੈ।

ਉਨ੍ਹਾਂ ਅੱਗੇ ਕਿਹਾ ਕਿ 16 ਜੁਲਾਈ ਨੂੰ ਪੂਰੀ ਹੋਈ 15919 ਮੈਗਾਵਾਟ ਦੀ ਸਿਖਰ ਮੰਗ ਵੀ ਇਸ ਸਾਲ 29 ਜੂਨ ਨੂੰ ਪੂਰੀ ਹੋਈ 16058 ਮੈਗਾਵਾਟ ਦੀ ਬਿਜਲੀ ਦੀ ਸਭ ਤੋਂ ਉੱਚੀ ਮੰਗ ਦੇ ਨੇੜੇ ਹੈ।

ਬਿਜਲੀ ਮੰਤਰੀ ਨੇ ਕਿਹਾ ਕਿ ਇਹ ਉਪਲਬਧੀ ਰਣਨੀਤਕ ਯੋਜਨਾਬੰਦੀ ਅਤੇ ਕੁਸ਼ਲ ਸਰੋਤ ਪ੍ਰਬੰਧਨ ਦਾ ਨਤੀਜਾ ਹੈ। ਉਨ੍ਹਾਂ ਦੱਸਿਆ ਕਿ ਰਾਜ ਦੇ ਅੰਦਰ ਅਤੇ ਬਾਹਰ ਦੇ ਸਾਰੇ ਉਪਲਬਧ ਸਰੋਤਾਂ ਦੀ ਪੂਰੀ ਵਰਤੋਂ ਕੀਤੀ ਗਈ ਤਾਂ ਜੋ ਸਥਿਰ ਅਤੇ ਭਰੋਸੇਯੋਗ ਬਿਜਲੀ ਸਪਲਾਈ ਯਕੀਨੀ ਬਣਾਈ ਜਾ ਸਕੇ।

ਉਨ੍ਹਾਂ ਕਿਹਾ ਕਿ ਪੀ.ਐਸ.ਪੀ.ਸੀ.ਐਲ ਨੇ ਬਿਨਾਂ ਕਿਸੇ ਵਿਘਨ ਦੇ ਇਸ ਵਧੀ ਹੋਈ ਮੰਗ ਨੂੰ ਪੂਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਕਾਮਯਾਬੀ ਸਾਡੇ ਕਰਮਚਾਰੀਆਂ ਦੀ ਮਿਹਨਤ ਅਤੇ ਸਮਰਪਣ ਦਾ ਨਤੀਜਾ ਹੈ।

ਬਿਜਲੀ ਮੰਤਰੀ ਨੇ ਯਕੀਨ ਦਿਵਾਇਆ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਰਾਜ ਵਿੱਚ ਨਿਰੰਤਰ ਅਤੇ ਗੁਣਵੱਤਾ ਵਾਲੀ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਵਚਨਬੱਧ ਹੈ।

Leave a Reply

Your email address will not be published. Required fields are marked *