ਕਾਰਜਕਾਰੀ ਇੰਜੀਨੀਅਰ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਖ਼ਿਲਾਫ਼ 19 ਜੂਨ ਤੋਂ ਲਗਾਤਾਰ ਰੋਸ ਪ੍ਰਦਰਸ਼ਨ

ਚੰਡੀਗੜ੍ਹ ਪੰਜਾਬ

ਪਿਛਲੇ ਸਮੇਂ ਤੋਂ ਮੰਗਾਂ ਨਾ ਮੰਨੇ ਜਾਣ ਤੇ ਮੁਲਾਜ਼ਮਾਂ ਵਿੱਚ ਭਾਰੀ ਰੋਸ


ਗਿਦੜਬਾਹਾ,17, ਜੁਲਾਈ (ਮਲਾਗਰ ਖਮਾਣੋਂ),ਬੋਲੇ ਪੰਜਾਬ ਬਿਊਰੋ :

ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ਼ ਯੂਨੀਅਨ ਬ੍ਰਾਂਚ ਗਿੱਦੜਬਾਹਾ ਦੀ ਅਗਜੈਕਟਿਵ ਕਮੇਟੀ ਦੀ ਮੀਟਿੰਗ ਜੁਗਿੰਦਰ ਸਿੰਘ ਸਮਾਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਜੁਗਿੰਦਰ ਸਿੰਘ ਸਮਾਘ ਨੇ ਦੱਸਿਆ ਕਿ ਵਾਟਰ ਸਪਲਾਈ ਸਕੀਮ ਗਿੱਦੜਬਾਹਾ ਅਤੇ ਗਿੱਦੜਬਾਹਾ ਸ਼ਹਿਰ ਦੇ ਵੱਖ ਵੱਖ ਸੀਵਰੇਜ ਸਿਸਟਮ ਤੇ ਕੰਮ ਕਰਦੇ ਰੈਗੂਲਰ ਅਤੇ ਆਊਟ ਸੋਰਸਿੰਗ ਕਰਮਚਾਰੀਆਂ ਨੂੰ ਉਨ੍ਹਾਂ ਦੀਆਂ ਤਨਖ਼ਾਹਾਂ ਹਰੇਕ ਮਹੀਨੇ ਦੇਰੀ ਨਾਲ ਦਿੱਤੀਆਂ ਜਾਂਦੀਆਂ ਹਨ ਅੱਜ ਮਿਤੀ 18/07/2024 ਤੱਕ ਵੀ ਇਹ ਤਨਖਾਹਾਂ ਜਾਰੀ ਨਹੀਂ ਕੀਤੀਆਂ ਗਈਆਂ ਜਦੋਂਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹਰੇਕ ਮਹੀਨੇ ਦੀ 7 ਤਰੀਕ ਤੱਕ ਤਨਖਾਹ ਦੇਣੀ ਜਰੂਰੀ ਹੈ।ਉਨ੍ਹਾਂ ਦੱਸਿਆ ਕਿ ਉਪ ਮੰਡਲ ਦਫ਼ਤਰ ਸੀਵਰੇਜ ਬੋਰਡ ਮਲੋਟ ਵੱਲੋਂ ਹਰੇਕ ਮਹੀਨੇ ਦੀ 28/29 ਤਰੀਕ ਨੂੰ ਗਿੱਦੜਬਾਹਾ ਸ਼ਹਿਰ ਦੇ ਰੈਵਨੀਊ ਦੇ ਸਾਰੇ ਪੈਸੇ ਕਿਧਰੇ ਹੋਰ ਕੰਮਾਂ ਲਈ ਵਰਤਕੇ ਸਾਰੇ ਬੈਂਕ ਖਾਤੇ ਖਾਲੀ ਕਰ ਦਿੱਤੇ ਜਾਂਦੇ ਹਨ ਜਦੋਂਕਿ ਪਹਿਲ ਦੇ ਅਧਾਰ ਤੇ ਇਸੇ ਰੈਵਨਿਉ ਵਿੱਚੋਂ ਤਨਖ਼ਾਹਾਂ ਦੇਣੀਆਂ ਜ਼ਰੂਰੀ ਹੁੰਦੀਆਂ ਹਨ।ਚੇਅਰਮੈਨ ਰਾਮਜੀ ਸਿੰਘ ਭਲਾਈਆਣਾ ਨੇ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਹਰੇਕ ਮਹੀਨੇ ਆਪਣਾ ਸਭ ਤੋਂ (ਪਹਿਲਾ ਹੱਕ ਤਨਖ਼ਾਹਾਂ) ਲੈਣ ਲਈ ਇਨ੍ਹਾਂ ਅਧਿਕਾਰੀਆਂ ਖਿਲਾਫ ਧਰਨੇ ਲਾਉਣੇ ਪੈਂਦੇ ਹਨ।ਉਨ੍ਹਾਂ ਦੱਸਿਆ ਕਿ ਸੀਵਰੇਜ ਬੋਰਡ ਦੇ ਅਧਿਕਾਰੀਆਂ ਵੱਲੋਂ ਹਰੇਕ ਮਹੀਨੇ ਦੀ 28/29 ਤਰੀਕ ਨੂੰ ਗਿੱਦੜਬਾਹਾ ਸ਼ਹਿਰ ਵਿੱਚੋਂ ਇਕੱਠੇ ਹੋਏ ਰੈਵਨਿਊ ਦੇ ਪੈਸੇ ਕਿਧਰੇ ਹੋਰ ਕੰਮਾਂ ਲਈ ਵਰਤਕੇ ਸਬੰਧਿਤ ਬੈਂਕ ਖਾਤੇ ਖਾਲੀ ਕਰ ਦਿੱਤੇ ਜਾਂਦੇ ਹਨ ਜਦੋਂਕਿ ਪਹਿਲ ਦੇ ਅਧਾਰ ਤੇ ਉਕਤ ਰੈਵਨਿਊ ਵਿੱਚੋਂ ਇਨ੍ਹਾਂ ਕਰਮਚਾਰੀਆਂ ਨੂੰ ਤਨਖ਼ਾਹਾਂ ਦੇਣੀਆਂ ਹੁੰਦੀਆਂ ਹਨ।ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਅਧਿਕਾਰੀਆਂ ਵੱਲੋਂ ਹਰੇਕ ਮਹੀਨੇ ਦੀ 28/29 ਤਰੀਕ ਨੂੰ ਵਰਤੇ ਜਾਂਦੇ ਪੈਸਿਆਂ ਦੀ ਉੱਚਪੱਧਰੀ ਜਾਂਚ ਕੀਤੀ ਜਾਵੇ ਅਤੇ ਵਰਕਰਾਂ ਨੂੰ ਪਹਿਲ ਦੇ ਆਧਾਰ ਤੇ ਤਨਖ਼ਾਹਾਂ ਦੇਣੀਆਂ ਯਕੀਨੀ ਬਣਵਾਈਆਂ ਜਾਣ ਇਸ ਤੋਂ ਇਲਾਵਾ ਸਬੰਧਿਤ ਠੇਕੇਦਾਰ ਵੱਲੋਂ ਆਊਟ ਸੋਰਸਿੰਗ ਕਰਮਚਾਰੀਆਂ ਦਾ ਪੀ.ਐੱਫ. ਪਿਛਲੇ ਲੰਬੇ ਸਮੇਂ ਤੋਂ ਜਮ੍ਹਾਂ ਨਹੀਂ ਕਰਵਾਇਆ ਗਿਆ, ਹੋਰ ਵੀ ਬਹੁਤ ਸਾਰੀਆਂ ਮੰਗਾਂ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਪੈੱਡਿੰਗ ਚੱਲੀਆਂ ਆ ਰਹੀਆਂ ਹਨ ਇਨ੍ਹਾਂ ਮੰਗਾਂ ਵਿੱਚ ਮਨਦੀਪ ਸਿੰਘ ਕੰਪਿਊਟਰ ਆਪਰੇਟਰ ਨੂੰ ਪੂਰੀ ਤਨਖਾਹ ਦੇਣੀ,ਪਿੰਕੀ ਰਾਣੀ ਕਲਰਕ ਨੂੰ ਰੈਗੂਲਰ ਨੌਕਰੀ ਦੇਣੀ ਆਦਿ ਹਨ। ਉਨ੍ਹਾਂ ਅੱਗੇ ਦੱਸਿਆ ਕਿ ਉਕਤ ਮੰਗਾਂ ਦੀ ਪੂਰਤੀ ਕਰਵਾਉਣ ਲਈ ਪਿਛਲੇ ਲੰਬੇ ਸਮੇਂ ਤੋਂ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਬਹੁਤ ਸਾਰੇ ਪੱਤਰ ਲਿਖੇ ਜਾ ਚੁੱਕੇ ਹਨ ਪ੍ਰੰਤੂ ਉਕਤ ਅਧਿਕਾਰੀਆਂ ਵੱਲੋਂ ਕਿਸੇ ਵੀ ਮੰਗ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ।ਬੁਲਾਰਿਆਂ ਨੇ ਅੱਗੇ ਸਬੋਧਨ ਕਰਦਿਆਂ ਦੱਸਿਆ ਕਿ ਜੇਕਰ ਮਿਤੀ 18/07/2024 ਤੱਕ ਰੈਗੂਲਰ ਅਤੇ ਆਊਟ ਸੋਰਸਿੰਗ ਕਰਮਚਾਰੀਆਂ ਦੀਆਂ ਮਹੀਨਾ 06/24 ਦੀਆਂ ਤਨਖ਼ਾਹਾਂ ਨਾ ਜਾਰੀ ਕੀਤੀਆਂ ਅਤੇ ਬਾਕੀ ਮੰਗਾਂ ਦਾ ਨਿਪਟਾਰਾ ਨਾ ਕੀਤਾ ਤਾਂ ਮਿਤੀ 19/07/2024 ਤੋਂ ਮੇਨ ਵਾਟਰ ਵਰਕਸ ਗਿੱਦੜਬਾਹਾ ਵਿਖੇ ਰੋਜ਼ਾਨਾ ਵਿਸ਼ਾਲ ਰੋਸ ਪ੍ਰਦਰਸ਼ਨ ਸਾਰੀਆਂ ਮੰਗਾਂ ਮੰਨੇ ਜਾਣ ਤੱਕ ਕੀਤਾ ਜਾਇਆ ਕਰੇਗਾ, ਜਿਸ ਤੋਂ ਨਿਕਲਣ ਵਾਲੇ ਗੰਭੀਰ ਸਿੱਟਿਆਂ ਦੀ ਜਿੰਮੇਵਾਰੀ ਕਾਰਜਕਾਰੀ ਇੰਜੀਨੀਅਰ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਮੰਡਲ ਨੰਬਰ 2 ਬਠਿੰਡਾ ਅਤੇ ਉਪ ਮੰਡਲ ਇੰਜੀਨੀਅਰ ਮਲੋਟ ਦੀ ਹੋਵੇਗੀ।ਅੱਜ ਦੀ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਜਨਰਲ ਸਕੱਤਰ ਹਰਪ੍ਰੀਤ ਭਲਾਈਆਣਾ,ਵਰਿੰਦਰ ਸਹਿਗਲ,ਖੁਸ਼ਵਿੰਦਰ ਸ਼ਰਮਾ,ਕਰਨਜੀਤ ਸਿੰਘ,ਸੁਖਦੇਵ ਸਿੰਘ ਕਾਕਾ,ਕਰਨਜੀਤ ਸਿੰਘ ਸਿੱਧੂ
ਰਾਜਿੰਦਰ ਸਿੰਘ,ਬਲਵੰਤ ਕੁਮਾਰ,ਗੁਰਪ੍ਰੀਤ ਸਿੰਘ ਬਾਦਲ ਅਤੇ ਜਸਵੰਤ ਸਿੰਘ ਖਾਲਸਾ ਹਾਜਰ ਸਨ।

Leave a Reply

Your email address will not be published. Required fields are marked *