ਅੰਮ੍ਰਿਤਸਰ 17 ਜੁਲਾਈ ,ਬੋਲੇ ਪੰਜਾਬ ਬਿਊਰੋ :
ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਸ੍ਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਅੱਜ ਆਪਣੇ ਸਾਥੀਆਂ ਸਮੇਤ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ। ਇਸ ਮੌਕੇ ਤੇ ਉਨਾਂ ਨਾਲ ਸਿੱਖ ਸੰਘਰਸ਼ ਵਿਚ ਅਹਿਮ ਯੋਗਦਾਨ ਪਾਉਣ ਵਾਲੇ ਸ਼ਹੀਦ ਪਰਵਾਰ ਦੇ ਭਾਈ ਮਨਜੀਤ ਸਿੰਘ ਤੇ ਸੁੱਚਾ ਸਿੰਘ ਛੋਟੇਪੁਰ ਵੀ ਹਾਜਰ ਸਨ। ਪੱਤਰਕਾਰਾਂ ਨਾਲ ਗਲ ਕਰਦਿਆਂ ਸ੍ਰ ਵਡਾਲਾ ਨੇ ਕਿਹਾ ਕਿ ਬੀਤੇ ਸਮੇ ਵਿਚ ਗਲਤ ਫੈਸਲੇ ਲੈਣ ਕਾਰਨ ਸਿੱਖਾਂ ਨੇ ਅਕਾਲੀ ਦਲ ਤੋ ਮੂੰਹ ਮੋੜਿਆ ਹੈ। ਪਿਛਲੀਆਂ ਚੋਣਾ ਦੇ ਨਤੀਜਿਆਂ ਨੇ ਸਾਨੂੰ ਸਵੈਪੜਚੋਲ ਕਰਨ ਲਈ ਮਜਬੂਰ ਕੀਤਾ। ਅਕਾਲੀ ਦਲ ਦੀ ਹੌਂਦ ਹੀ ਖਤਰੇ ਵਿਚ ਪੈ ਗਈ ਹੈ। ਇਹ ਸਥਿਤੀ ਪੰਥ ਤੇ ਪੰਜਾਬੀਆਂ ਲਈ ਚਿੰਤਾ ਦਾ ਵਿਸ਼ਾ ਹੈ। ਸ੍ਰ ਵਡਾਲਾ ਨੇ ਕਿਹਾ ਕਿ ਜਿਸ ਪਾਰਟੀ ਦਾ 103 ਸਾਲ ਦਾ ਇਤਿਹਾਸ ਹੋਵੇ ਉਸ ਦਾ ਹਾਸ਼ੀਏ ਵਿਚ ਚਲੇ ਜਾਣਾ ਬੇਹਦ ਅਫਸੋਸਨਾਕ ਹੈ।ਪਾਰਟੀ ਲੀਡਰਸ਼ਿਪ ਨੂੰ ਆਪਣੇ ਆਪ ਵਿਚ ਸੁਧਾਰ ਕਰਨ ਲਈ ਯਤਨ ਕਰਨ ਦੀ ਲੋੜ ਹੈ। ਅਸੀ ਪਾਰਟੀ ਦੀਆਂ ਮੀਟਿੰਗਾਂ ਵਿਚ ਵਖ ਵਖ ਸਮੇ ਤੇ ਵਿਚਾਰ ਦਿੰਦੇ ਰਹੇ ਹਾਂ ਤੇ ਸਾਡੇ ਵਿਚਾਰ ਝੂੰਦਾ ਕਮੇਟੀ ਦੀ ਰਿਪੋਰਟ ਵਿਚ ਦਰਜ ਹਨ। ਪਾਰਟੀ ਲੀਡਰਸ਼ਿਪ ਨੂੰ ਖੁਲੇ ਮਨ ਨਾਲ ਸਵਿਕਾਰ ਕਰਨਾ ਚਾਹੀਦਾ ਹੈ ਕਿ ਬੀਤੇ ਸਮੇ ਵਿਚ ਪਾਰਟੀ ਨੇ ਗਲਤ ਫੈਸਲੇ ਲਏ ਤੇ ਉਨਾਂ ਗਲਤ ਫੈਸਲਿਆਂ ਲਈ ਅਕਾਲੀ ਲੀਡਰਸ਼ਿਪ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਆ ਕੇ ਮੁਆਫੀ ਮੰਗਣੀ ਚਾਹੀਦੀ ਹੈ। ਉਨਾਂ ਕਿਹਾ ਕਿ ਜਿਸ ਤਰਾਂ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਸਮੇਤ ਵਖ ਵਖ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਨੂੰ ਹਟਾਇਆ ਜਾਂਦਾ ਰਿਹਾ ਹੈ ਉਸ ਲਈ ਵੀ ਸੰਗਤ ਵਿਚ ਰੋਸ ਹੈ। ਸ਼ੋ੍ਰਮਣੀ ਕਮੇਟੀ ਸਿੱਖਾਂ ਦੀ ਚੁਣੀ ਹੋਈ ਸੰਸਥਾ ਹੈ ਤੇ ਇਸ ਨੂੰ ਤਖ਼ਤਾਂ ਦੇ ਜਥੇਦਾਰਾਂ ਦੀ ਨਿਯੁਕਤੀ ਅਤੇ ਸੇਵਾ ਮੁਕਤੀ ਨੂੰ ਨਿਯਮਬੱਧ ਕਰਨਾ ਚਾਹੀਦਾ ਹੈ। ਅਤੀਤ ਵਿਚ ਅਕਾਲੀ ਦਲ ਵਲੋ ਇਜਹਾਰ ਆਲਮ ਨੂੰ ਅਕਾਲੀ ਦਲ ਦਾ ਮੀਤ ਪ੍ਰਧਾਨ ਅਤੇ ਸੁਮੇਧ ਸੈਣੀ ਨੂੰ ਪੰਜਾਬ ਪੁਲੀਸ ਦਾ ਡੀ ਜੀ ਪੀ ਲਗਾਉਣ ਦੇ ਫੈਸਲੇ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਸ੍ਰ ਵਡਾਲਾ ਨੇ ਕਿਹਾ ਕਿ ਅਕਾਲੀ ਦਲ ਦੀ ਲੀਡਰਸ਼ਿਪ ਦੇ ਇਸ ਫੈਸਲੇ ਤੇ ਅਸੀ ਬਹੁਤ ਵਿਰੋਧ ਕੀਤਾ ਸੀ ਪਰ ਸਾਡੀ ਸੁਣੀ ਹੀ ਨਹੀ ਗਈ। ਗਲਤ ਫੈਸਲਿਆਂ ਕਾਰਨ ਹੀ ਅਕਾਲੀ ਦਲ ਕਮਜੋਰ ਹੋਇਆ ਤੇ ਅੱਜ ਬਹੁਤ ਹੀ ਮਾੜੀ ਹਾਲਤ ਵਿਚ ਆ ਗਿਆ ਹੈ। ਉਨਾਂ ਅਗੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਆਏ ਹਰ ਆਦੇਸ਼ ਦੀ ਪਾਲਣਾ ਕੀਤੀ ਜਾਵੇਗੀ ਤੇ ਅਸੀ ਅਕਾਲੀ ਦਲ ਦੀ ਏਕਤਾ ਦੇ ਹਾਂਮੀ ਹਾਂ।ਇਸ ਤੋ ਪਹਿਲਾਂ ਸ੍ਰ ਵਡਾਲਾ ਤੇ ਨਾਲ ਆਏ ਸਾਥੀਆਂ ਨੇ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਮੱਥਾ ਟੇਕਿਆ ਤੇ ਆਪਣੇ ਮਿਸ਼ਨ ਦੀ ਸਫਲਤਾ ਦੀ ਅਰਦਾਸ ਕੀਤੀ।