ਲੁਧਿਆਣਾ, 17 ਜੁਲਾਈ ,ਬੋਲੇ ਪੰਜਾਬ ਬਿਊਰੋ :
ਥਾਣਾ ਡਵੀਜ਼ਨ ਨੰ. 7 ਦੇ ਇਲਾਕੇ ‘ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇਕ ਸਬ-ਇੰਸਪੈਕਟਰ ਦੀ ਉਸ ਦੇ ਕਿਰਾਏ ਦੇ ਫਲੈਟ ‘ਚੋਂ ਲਾਸ਼ ਮਿਲੀ। ਸੂਚਨਾ ਮਿਲਦੇ ਹੀ ਏ.ਡੀ.ਸੀ.ਪੀ.-4 ਪ੍ਰਭਜੋਤ ਸਿੰਘ ਵਿਰਕ, ਏ.ਸੀ.ਪੀ. ਪੂਰਬੀ ਰੂਪਦੀਪ ਕੌਰ, ਸੀ.ਆਈ.ਏ. ਦੀਆਂ ਟੀਮਾਂ ਅਤੇ ਥਾਣਾ ਮੁਖੀ ਇੰਸਪੈਕਟਰ ਭੁਪਿੰਦਰ ਸਿੰਘ ਮੌਕੇ ‘ਤੇ ਪਹੁੰਚ ਗਏ।ਮ੍ਰਿਤਕ ਦਾ ਨਾਮ ਅਰਵਿੰਦ ਸਿੰਘ ਸੀ ਜੋ ਪੰਜਾਬ ਪੁਲਿਸ ਵਿੱਚ ਸਬ-ਇੰਸਪੈਕਟਰ ਵਜੋਂ ਕੰਮ ਕਰਦਾ ਸੀ। ਅਰਵਿੰਦ ਸਿੰਘ ਹੁਣ ਲੁਧਿਆਣਾ ਪੁਲਿਸ ਲਾਈਨਜ਼ ਵਿੱਚ ਤਾਇਨਾਤ ਸੀ।
ਇਕ ਗੁਆਂਢੀ ਨੇ ਉਸ ਨੂੰ ਆਪਣੇ ਕਿਰਾਏ ਦੇ ਫਲੈਟ ਵਿਚ ਸੁੱਤਾ ਦੇਖਿਆ ਅਤੇ ਜਦੋਂ ਉਹ ਨਾ ਉਠਿਆ ਤਾਂ ਪੁਲਸ ਨੂੰ ਸੂਚਨਾ ਦਿੱਤੀ ਗਈ। ਜਿਸ ‘ਤੇ ਪਹਿਲਾਂ ਸਥਾਨਕ ਪੁਲਸ ਅਤੇ ਬਾਅਦ ‘ਚ ਉੱਚ ਅਧਿਕਾਰੀਆਂ ਨੇ ਮੌਕੇ ਦਾ ਮੁਆਇਨਾ ਕੀਤਾ, ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਥਾਣਾ ਸਦਰ ਦੇ ਮੁਖੀ ਭੁਪਿੰਦਰ ਸਿੰਘ ਅਨੁਸਾਰ ਮ੍ਰਿਤਕ ਦੀ ਪਤਨੀ ਦਲਵੀਰ ਕੌਰ ਦੇ ਬਿਆਨਾਂ ’ਤੇ ਧਾਰਾ 174 ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ ਪਰ ਜੇਕਰ ਮੈਡੀਕਲ ਰਿਪੋਰਟ ਤੋਂ ਬਾਅਦ ਕੋਈ ਤੱਥ ਸਾਹਮਣੇ ਆਇਆ ਤਾਂ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ।