ਚੰਡੀਗੜ੍ਹ, 16 ਜੁਲਾਈ, ਬੋਲੇ ਪੰਜਾਬ ਬਿਊਰੋ :
ਪੰਜਾਬ ਭਾਜਪਾ ਦੇ ਅਨੁਸੂਚਿਤ ਜਾਤੀ ਵਿੰਗ ਦੇ ਪ੍ਰਧਾਨ ਤੇ ਸਾਬਕਾ ਆਈਏਐੱਸ ਅਫ਼ਸਰ ਸੁੱਚਾ ਰਾਮ ਲੱਧੜ ਨੇ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ, ਚੋਣ ਕਮਿਸ਼ਨ ਅਤੇ ਪੰਜਾਬ ਸਰਕਾਰ ਨੂੰ ਸ਼ਿਕਾਇਤ ਭੇਜਕੇ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸੁਰਜੀਤ ਕੌਰ ਦੇ ਜਾਤੀ ਸਰਟੀਫਿਕੇਟ ਦੀ ਜਾਂਚ ਕਰਵਾਉਣ ਅਤੇ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਭਾਜਪਾ ਆਗੂ ਸੁੱਚਾ ਰਾਮ ਲੱਧੜ ਨੇ ਭੇਜੀ ਸ਼ਿਕਾਇਤ ਵਿਚ ਦੋਸ਼ ਲਾਇਆ ਕਿ ਵੋਟਾਂ ’ਤੇ ਅਸਰ ਪੈਣ ਦੇ ਕਾਰਨ ਕਿਸੇ ਵੀ ਰਾਜਸੀ ਪਾਰਟੀ ਜਾਂ ਆਗੂ ਨੇ ਚੋਣਾਂ ਦੌਰਾਨ ਸ਼ਿਕਾਇਤ ਨਹੀ ਕੀਤੀ, ਹੁਣ ਚੋਣ ਪ੍ਰੀਕਿਰਿਆ ਖ਼ਤਮ ਹੋ ਗਈ ਹੈ। ਇਸ ਲਈ ਸੁਰਜੀਤ ਕੌਰ ਵਲੋਂ ਬਣਾਏ ਗਏ ਜਾਅਲੀ ਐੱਸਸੀ ਸਰਟੀਫਿਕੇਟ ਦੀ ਜਾਂਚ ਕਰਵਾਈ ਜਾਵੇ ਅਤੇ ਜਾਅਲੀ ਸਰਟੀਫਿਕੇਟ ਬਣਾਉਣ ਦੇ ਦੋਸ਼ ਤਹਿਤ ਬਣਦੀ ਕਨੂੰਨੀ ਕਾਰਵਾਈ ਕੀਤੀ ਜਾਵੇ।
ਸਾਬਕਾ ਆਈਏਐੱਸ ਅਫ਼ਸਰ ਦਾ ਕਹਿਣਾ ਹੈ ਕਿ ਵੋਟਾਂ ਦੌਰਾਨ ਜਦੋਂ ਸ੍ਰੋਮਣੀ ਅਕਾਲੀ ਦਲ ਨੇ ਉਮੀਦਵਾਰੀ ਵਾਪਸ ਲੈਣ ਦਾ ਐਲਾਨ ਕੀਤਾ ਤਾਂ ਰਾਜਪੂਤ (ਸਿਰਕੀਬੰਦਾਂ) ਭਾਈਚਾਰੇ ਦੇ ਲੋਕਾਂ ਨੇ ਇੱਕ ਪ੍ਰੈੱਸ ਕਾਨਫਰੰਸ ਕਰਕੇ ਸੁਰਜੀਤ ਕੌਰ ਦੇ ਹੱਕ ਵਿਚ ਸਮਰਥਨ ਕਰਦੇ ਮੁਜ਼ਾਹਰਾ ਕੀਤਾ ਸੀ। ਉਨ੍ਹਾਂ ਕਿਹਾ ਕਿ ਸਿਰਕੀਬੰਦ ਰਾਜਪੂਤ ਤਾਂ ਪੰਜਾਬ ਵਿਚ ਕੋਈ ਜਾਤੀ ਨਹੀਂ ਹੈ ਅਤੇ ਭਾਰਤ ਸਰਕਾਰ ਵਲੋਂ 39 ਅਨੁਸੂਚਿਤ ਜਾਤੀਆਂ ਵਿਚ ਭਾਰਤ ਸਰਕਾਰ ਵੱਲੋਂ ਨੋਟੀਫਾਈ ਨਹੀਂ ਕੀਤੀ ਹੋਈ।
ਲੱਧੜ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 5 ਜਨਵਰੀ 2021 ਨੂੰ ਇਕ ਫ਼ੈਸਲੇ ਤਹਿਤ ਰਾਜਪੂਤ ਸਿਰਕੀਬੰਦਾਂ ਦੇ ਛੇ ਸਰਟੀਫਿਕੇਟ ਪਿੰਡ ਆਲਮਪੁਰ (ਪਟਿਆਲ਼ਾ) ਦੇ ਰੱਦ ਕੀਤੇ ਸਨ। ਇਸੀ ਤਰਾਂ ਰਾਜਪੁਰਾ ਨੇੜ੍ਹੇ ਇੱਕ ਪਿੰਡ ਦੀ ਕੁੜੀ ਰਵਜੀਤ ਕੌਰ ਦਾ ਜਾਅਲੀ ਸਿਰਕੀਬੰਦ-ਰਾਜਪੂਤ ਦਾ ਸਰਟੀਫਿਕੇਟ ਹੋਣ ਕਰਕੇ ਕਾਲਜ ਮੈਨੇਜਮੈਟ ਨੇ ਕਾਲਜ ਵਿਚੋਂ ਕੱਢ ਦਿੱਤਾ ਸੀ, ਜੋ ਐੱਮਬੀਬੀਐੱਸ ਦੀ ਪੜਾਈ ਕਰ ਰਹੀ ਸੀ।