ਪਟਿਆਲ਼ਾ, 16 ਜੁਲਾਈ, ਬੋਲੇ ਪੰਜਾਬ ਬਿਊਰੋ :
ਪਟਿਆਲਾ ‘ਚ ਚਿੱਟੇ ਦੀ ਓਵਰਡੋਜ਼ ਕਾਰਨ 40 ਸਾਲਾ ਕਬੱਡੀ ਖਿਡਾਰੀ ਦੀ ਮੌਤ ਹੋ ਗਈ ਹੈ। ਥਾਣਾ ਭਾਦਸੋਂ ਦੀ ਪੁਲੀਸ ਨੇ ਮ੍ਰਿਤਕ ਦੇ ਭਰਾ ਦੀ ਸ਼ਿਕਾਇਤ ’ਤੇ 9 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮੁਲਜ਼ਮਾਂ ਵਿੱਚ ਖਿਡਾਰੀ ਦੇ ਇੱਕ ਦੋਸਤ ਤੋਂ ਇਲਾਵਾ ਅੱਠ ਨਸ਼ਾ ਤਸਕਰ ਵੀ ਸ਼ਾਮਲ ਹਨ।
ਜਾਣਕਾਰੀ ਅਨੁਸਾਰ ਸਤਵਿੰਦਰ ਕਈ ਰਾਜ ਪੱਧਰੀ ਕਬੱਡੀ ਟੂਰਨਾਮੈਂਟਾਂ ਵਿੱਚ ਖੇਡ ਚੁੱਕਾ ਹੈ। ਦੋਸ਼ ਹੈ ਕਿ ਦੋਸਤ ਨੇ ਕਬੱਡੀ ਖਿਡਾਰੀ ਨੂੰ ਜ਼ਬਰਦਸਤੀ ਨਸ਼ੇ ਦੀ ਓਵਰਡੋਜ਼ ਦਿੱਤੀ। ਫਿਲਹਾਲ ਸਾਰੇ ਮੁਲਜ਼ਮ ਫਰਾਰ ਹਨ। ਮ੍ਰਿਤਕ ਦੀ ਪਛਾਣ ਸਤਵਿੰਦਰ ਸਿੰਘ ਵਜੋਂ ਹੋਈ ਹੈ, ਜੋ ਕਿ ਸ਼ਾਦੀਸ਼ੁਦਾ ਸੀ। ਇਸ ਦੇ ਨਾਲ ਹੀ ਮੁਲਜ਼ਮਾਂ ਵਿੱਚ ਦੋਸਤ ਸੰਜੀਵ ਕੁਮਾਰ ਤੋਂ ਇਲਾਵਾ ਰਾਜਵਿੰਦਰ ਸਿੰਘ, ਰਾਜੂ, ਸੋਨਾ, ਲਕਸ਼ਮੀ, ਬਿਮਲਾ, ਚਰਨੋ, ਭੋਲੀ, ਛੋਟੀ ਸਾਰੇ ਵਾਸੀ ਪਿੰਡ ਰੋਹਟੀ ਛੰਨਾ ਸ਼ਾਮਲ ਹਨ।
ਕਬੱਡੀ ਖਿਡਾਰੀ ਦੇ ਭਰਾ ਪਰਵਿੰਦਰ ਨੇ ਪੁਲੀਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਮੁਲਜ਼ਮ ਸੰਜੀਵ ਕੁਮਾਰ ਜੋ ਕਿ ਨਸ਼ੇ ਦਾ ਆਦੀ ਹੈ, 13 ਜੁਲਾਈ ਨੂੰ ਉਸ ਦੇ ਘਰ ਆਇਆ ਅਤੇ ਸਤਵਿੰਦਰ ਨੂੰ ਆਪਣੇ ਨਾਲ ਲੈ ਗਿਆ। ਸੰਜੀਵ ਦੇਰ ਰਾਤ ਉਸਦੇ ਭਰਾ ਨੂੰ ਘਰ ਛੱਡ ਗਿਆ।
ਸਤਵਿੰਦਰ ਸਿੰਘ ਬਹੁਤ ਜ਼ਿਆਦਾ ਨਸ਼ਾ ਕੀਤਾ ਹੋਇਆ ਸੀ, ਜਿਸ ਕਾਰਨ ਕੁਝ ਸਮੇਂ ਬਾਅਦ ਉਸ ਦੀ ਸਿਹਤ ਵਿਗੜ ਗਈ। ਉਸ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਨਾਭਾ ਵਿਖੇ ਲਿਜਾਇਆ ਗਿਆ, ਜਿੱਥੋਂ ਉਸ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਲਈ ਰੈਫਰ ਕਰ ਦਿੱਤਾ ਗਿਆ ਪਰ ਉਸ ਦੀ ਰਸਤੇ ਵਿਚ ਹੀ ਮੌਤ ਹੋ ਗਈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ‘ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।