ਫੀਸਾਂ ‘ਚ ਵਾਧਾ ਵਾਪਸ ਲੈਣ ਅਤੇ ਐੱਸ ਸੀ ਵਿਦਿਆਰਥੀਆਂ ਤੋਂ ਲਿਆ ਜਾ ਰਿਹਾ ਪੀਟੀਏ ਫੰਡ ਬੰਦ ਕਰਨ ਦੀ ਮੰਗ

ਚੰਡੀਗੜ੍ਹ ਪੰਜਾਬ


ਮਾਨਸਾ, 16 ਜੁਲਾਈ, ਬੋਲੇ ਪੰਜਾਬ ਬਿਊਰੋ :


ਆਲ਼ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਦੀ ਮਾਤਾ ਸੁੰਦਰੀ ਯੂਨਿਵਰਸਿਟੀ ਗਰਲਜ ਕਾਲਜ ਮਾਨਸਾ ਦੀ ਇਕਾਈ ਵੱਲੋਂ ਫ਼ੀਸਾਂ ਵਿੱਚ ਵਾਧਾ ਹੋਣ ਕਾਰਨ ਅਤੇ ਐੱਸ ਸੀ ਵਿਦਿਆਰਥੀਆਂ ਤੋਂ ਨਜਾਇਜ਼ ਪੀਟੀਏ ਫੰਡ ਵਸੂਲ ਕਰਨ ਦੇ ਖਿਲਾਫ ਕਾਲਜ ਦੇ ਗੇਟ ਉੱਪਰ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਆਇਸਾ ਦੇ ਜ਼ਿਲ੍ਹਾ ਸਕੱਤਰ ਰਾਜਦੀਪ ਗੇਹਲੇ ਨੇਂ ਕਿਹਾ ਕਿ ਨਵੀਂ ਸਿੱਖਿਆ ਪ੍ਰਣਾਲੀ 2020 ਤਹਿਤ ਸਿੱਖਿਆ ਦੇ ਨਿੱਜੀਕਰਨ ਕਰਨ ਅਤੇ ਪ੍ਰਾਈਵੇਟ ਕਰਨ ਦੀ ਨੀਤੀ ਨੂੰ ਪੂਰਦਿਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਲਾਗੂ ਹੋਣ ਕਾਰਨ ਸਾਰੇ ਕਾਲਜਾਂ ਅਤੇ ਯੂਨੀਵਰਸਿਟੀ ਕੈਂਪਸਾਂ ਵਿੱਚ ਫ਼ੀਸਾਂ ਵਿੱਚ ਇਸ ਵਾਰ ਭਾਰੀ ਮਾਤਰਾ ਵਿੱਚ ਵਾਧਾ ਕੀਤਾ ਗਿਆ ਹੈ ਜਿਸ ਨਾਲ ਵਿਦਿਆਰਥੀਆਂ ਦੀ ਜ਼ੇਬਾਂ ਉੱਪਰ ਆਰਥਿਕ ਪੱਖੋਂ ਬੋਝ ਵਧੇਗਾ। ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ ਕਾਲਜ ਮਾਨਸਾ ਦੀ ਇਕਾਈ ਅਤੇ ਆਇਸਾ ਦੀ ਜ਼ਿਲਾ ਆਗੂ ਗਗਨਦੀਪ ਕੌਰ ਮਾਨਸਾ ਨੇ ਕਿਹਾ ਕਿ ਸਾਡੇ ਕਾਲਜ ਵਿੱਚ ਜਨਰਲ ਤੇ ਓਬੀਸੀ ਵਿੱਦਿਆਰਥੀਆਂ ਤੋਂ ਜ਼ਿਆਦਾ ਫੀਸਾਂ ਵਸੂਲ ਕੀਤੀਆਂ ਜਾ ਰਹੀਆਂ ਹਨ ਅਤੇ ਐੱਸ ਵਿਦਿਆਰਥੀਆਂ ਤੋਂ PTA ਫੰਡ ਵਸੂਲ ਕੀਤਾ ਜਾ ਰਿਹਾ ਹੈ। ਵਿਦਿਆਰਥੀਆਂ ਨੂੰ ਸਿੱਖਿਆ ਦੇ ਖੇਤਰ ਵਿੱਚੋਂ ਬਾਹਰ ਕਰਨ ਦੇ ਮਕਸਦ ਨਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕੈਂਪਸਾਂ ਸਮੇਤ ਕਾਲਜਾਂ ਅੰਦਰ ਵਿਦਿਆਰਥੀਆਂ ਦੀ ਦਾਖ਼ਲਾ ਸੂਚੀ ਦਾ ਪੱਧਰ ਜਾਣ ਬੁੱਝ ਕੇ ਜ਼ਿਆਦਾ ਵਧਾਇਆ ਜਾ ਰਿਹਾ ਹੈ ਅਤੇ ਵਿਦਿਆਰਥੀਆਂ ਨੂੰ ਦਾਖਲਾ ਨਹੀਂ ਦਿੱਤਾ ਜਾ ਰਿਹਾ ਅਤੇ ਵਿਦਿਆਰਥੀ ਪ੍ਰਾਈਵੇਟ ਕਾਲਜਾਂ ਵਿੱਚ ਦਾਖ਼ਲਾ ਲੈਣ ਲਈ ਮਜਬੂਰ ਹਨ।
ਆਗੂਆਂ ਨੇ ਮੰਗ ਕੀਤੀ ਕਿ ਵਿਦਿਆਰਥੀਆਂ ਦੀਆਂ ਫੀਸਾਂ ਵਿੱਚ ਕੀਤਾ ਗਿਆ ਵਾਧਾ ਵਾਪਸ ਲਿਆ ਜਾਵੇ,ਐੱਸ ਸੀ ਵਿਦਿਆਰਥੀਆਂ ਤੋਂ ਪੀਟੀਏ ਫੰਡ ਵਸੂਲ ਕਰਨਾ ਬੰਦ ਕੀਤਾ ਜਾਵੇ,ਨਵੀਂ ਸਿੱਖਿਆ ਨੀਤੀ ਵਾਪਸ ਲਈ ਜਾਵੇ ਅਤੇ ਵਿਦਿਆਰਥੀਆਂ ਲਈ ਪੀਣ ਵਾਲੇ ਸਾਫ਼ ਪਾਣੀ ਦਾ ਪ੍ਰਬੰਧ ਕੀਤਾ ਜਾਵੇ। ਜੇਕਰ ਮੰਗਾਂ ਨਾਂ ਮੰਨੀਆਂ ਗਈਆਂ ਤਾਂ ਆਇਸਾ ਵੱਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ।
ਇਸ ਮੌਕੇ ਆਇਸਾ ਦੇ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਖੋਖਰ ਕਲਾਂ,ਜ਼ਿਲਾ ਪ੍ਰੈੱਸ ਸਕੱਤਰ ਰਵਲੀਨ ਕੌਰ ਡੇਲੂਆਣਾ ਅਤੇ ਸੁਖਪ੍ਰੀਤ ਕੌਰ ਤੋਂ ਇਲਾਵਾ ਹੋਰ ਵਿਦਿਆਰਥਣਾਂ ਵੀ ਹਾਜ਼ਰ ਸਨ।

Leave a Reply

Your email address will not be published. Required fields are marked *