ਰਾਜਪੁਰਾ 15 ਜੁਲਾਈ ,ਬੋਲੇ ਪੰਜਾਬ ਬਿਊਰੋ :
ਪਿਛਲੇ ਦਿਨੀ ਕਮਾਂਡਿੰਗ ਅਫਸਰ 3 ਪੰਜਾਬ ਏਅਰ ਸਕਾਡਰਨ ਐਨਸੀਸੀ ਪਟਿਆਲਾ, ਗਰੁੱਪ ਕੈਪਟਨ ਅਜੈ ਭਾਰਦਵਾਜ ਦੀ ਅਗਵਾਈ ਹੇਠ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਐੱਨਸੀਸੀ ਦਾ 10 ਰੋਜ਼ਾ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਰਾਜ ਦੇ ਵੱਖ ਵੱਖ ਸਕੂਲਾਂ-ਕਾਲਜਾਂ ਦੇ 600 ਕੈਡਿਟਸ ਸਹਿਤ ਸਰਕਾਰੀ ਐਨਟੀਸੀ ਦੇ 21 ਕੈਡਿਟਸ ਨੇ ਟਰੇਨਿੰਗ ਪ੍ਰਾਪਤ ਕੀਤੀ। ਅੱਜ ਸਕੂਲ ਵਿੱਖੇ ਸਵੇਰ ਦੀ ਸਭਾ ਦੌਰਾਨ ਪ੍ਰਿੰਸੀਪਲ ਜਸਬੀਰ ਕੌਰ ਅਤੇ ਇੰਚਾਰਜ ਰੇਨੂੰ ਵਰਮਾ ਵੱਲੋਂ ਕੈਂਪ ਲਗਾਉਣ ਵਾਲੇ ਕੈਡਿਟਸ ਨੂੰ ਵਧਾਈ ਦਿੰਦੇ ਹੋਏ ਕੈਂਪ ਸਰਟੀਫਿਕੇਟ ਵੰਡੇ ਅਤੇ ਨਾਲ ਹੀ ਕੈਂਪ ਵਿੱਚ ਸਿੱਖੀ ਗਈਆਂ ਚੰਗੀਆਂ ਆਦਤਾਂ ਨੂੰ ਰੋਜ਼ਾਨਾ ਜੀਵਨ ਵਿੱਚ ਲਾਗੂ ਕਰਨ ਦੀ ਪ੍ਰੇਰਨਾ ਦਿੱਤੀ। ਪ੍ਰਿੰਸੀਪਲ ਜਸਬੀਰ ਕੌਰ ਨੇ ਦੱਸਿਆ ਕਿ ਇਹ ਕੈਂਪ ਸਕੂਲ ਦੇ 12 ਮੁੰਡਿਆਂ ਅਤੇ 9 ਲੜਕੀਆਂ ਵੱਲੋ ਐਸੋਸੀਏਟ ਐਨਸੀਸੀ ਅਫਸਰ ਦੀਪਕ ਕੁਮਾਰ ਦੀ ਅਗਵਾਈ ਵਿੱਚ ਲਗਾਇਆ ਗਿਆ। ਇਸ ਕੈਂਪ ਵਿੱਚ ਕੈਡਿਟਸ ਨੂੰ ਸਵੇਰੇ 5 ਵਜੇ ਤੋਂ ਐਨਸੀਸੀ ਦੀ ਗਤੀਵਿਧੀਆਂ ਕਰਵਾਉਣ ਦੇ ਨਾਲ ਨਾਲ ਵੱਖ ਵੱਖ ਪਤਵੰਤਿਆ ਵੱਲੋਂ ਮੁੱਡਲੀ ਸਹਾਇਤਾ, ਸਾਇਬਰ ਸੁਰੱਖਿਆ, ਜਨਸੰਖਿਆ ਵਿਸਫੋਟ ਦੀ ਸਮੱਸਿਆ, ਸਰਵਪੱਖੀ ਵਿਕਾਸ, ਖੂਨ ਦਾਨ, ਬੱਚਿਆਂ ਨੂੰ ਜਿਨਸੀ ਸੋਸ਼ਣ ਤੋਂ ਬਚਾਉਣ ਲਈ ਪੋਲੀਓ ਐਕਟ ਆਦਿ ਵਿਸ਼ਿਆਂ ਤੇ ਰੋਜ਼ਾਨਾ ਭਾਸ਼ਣ ਦਿੱਤੇ ਗਏ। ਬ੍ਰਿਗੇਡੀਅਰ ਰਾਹੁਲ ਗੁਪਤਾ ਵੱਲੋਂ ਕੈਂਪ ਵਿਜ਼ਿਟ ਦੌਰਾਨ ਕੈਂਪ ਦਾ ਨਿਰੀਖਣ ਕੀਤਾ ਅਤੇ ਕੈਡਿਟਸ ਦੇ ਹੋਸਟਲ ਅਤੇ ਮੈੱਸ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਕੈਂਪ ਦੇ ਸਮਾਪਤੀ ਤੇ ਕੈਡਿਟਸ ਵੱਲੋ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਸਮਾਰੋਹ ਵਿੱਚ ਏਅਰ ਕਮੋਡੋਰ ਕੇ ਐੱਸ ਲਾਂਬਾ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇੰਚਾਰਜ ਰੇਨੂੰ ਵਰਮਾ ਨੇ ਦੱਸਿਆ ਕੈਂਪ ਦੌਰਾਨ ਕੈਡਿਟਸ ਨੂੰ ਆਦਮਪੁਰ ਏਅਰ ਫੋਰਸ ਸਟੇਸ਼ਨ ਦੀ ਵਿਜ਼ਿਟ ਕਰਵਾਈ ਗਈ ਜਿੱਥੇ ਕੈਡਿਟਸ ਨੇ ਮਿਗ-29 ਫਾਇਟਰ ਜੈਟ ਬਾਰੇ ਸਿਖਲਾਈ ਪ੍ਰਾਪਤ ਕੀਤੀ ਅਤੇ ਇਸ ਨੂੰ ਉੜਾਨ ਭਰਦੇ ਅਤੇ ਲੈਂਡ ਕਰਦੇ ਹੋਏ ਬਹੁਤ ਕਰੀਬ ਤੋਂ ਦੇਖਿਆ। ਇਸ ਦੇ ਨਾਲ ਹੀ ਪਾਇਲਟਾਂ ਵੱਲੋਂ ਕੈਡਿਟਸ ਨੂੰ ਏਅਰ ਟਰੈਫਿਕ ਕੰਟਰੋਲ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ। ਇਸ ਮੌਕੇ ਕੈਡਿਟਸ ਨੇ ਇੰਚਾਰਜ ਜਸਵੀਰ ਕੌਰ ਚਾਨੀ, ਅੰਮ੍ਰਿਤ ਕੌਰ ਸਹਿਤ ਸਮੂਹ ਸਟਾਫ਼ ਨਾਲ ਆਪਣੇ ਅਨੁਭਵ ਸਾਂਝੇ ਕੀਤੇ।