ਡੇਰਾਬੱਸੀ ਪੁਲਿਸ ਨੇ ਘਰੋਂ ਭੱਜ ਕੇ ਮੁੰਬਈ ਪਹੁੰਚੇ ਬੱਚੇ ਕੀਤੇ ਮਾਪਿਆਂ ਹਵਾਲੇ

ਚੰਡੀਗੜ੍ਹ ਪੰਜਾਬ


ਡੇਰਾਬੱਸੀ, 15 ਜੁਲਾਈ, ਬੋਲੇ ਪੰਜਾਬ ਬਿਊਰੋ :


ਡੇਰਾਬੱਸੀ ਤੋਂ 7 ਜੁਲਾਈ ਨੂੰ ਖੇਡਣ ਦੇ ਬਹਾਨੇ ਯੋਜਨਾ ਬਣਾ ਕੇ ਮੁੰਬਈ ਪਹੁੰਚੇ 7 ਬੱਚਿਆਂ ’ਚੋਂ ਬਾਕੀ ਪੰਜ ਬੱਚੇ ਵੀ ਅੱਠਵੇਂ ਦਿਨ ਸੁਰੱਖਿਅਤ ਡੇਰਾਬੱਸੀ ਪਰਤ ਆਏ ਹਨ। ਡੇਰਾਬੱਸੀ ਪੁਲਿਸ ਦੀ ਟੀਮ ਨੇ ਸ਼ਨਿਚਰਵਾਰ ਨੂੰ ਬੋਰੀਵਲੀ ਪੁਲਿਸ ਤੋਂ ਪੰਜ ਬੱਚਿਆਂ ਦੀ ਹਵਾਲਗੀ ਕਰਵਾਈ ਤੇ ਐੱਸਪੀ ਦਫਤਰ ਵਿਖੇ ਉਨ੍ਹਾਂ ਦੇ ਪਰਿਵਾਰਾਂ ਦੇ ਹਵਾਲੇ ਕਰ ਦਿੱਤਾ।
ਐਤਵਾਰ 7 ਜੁਲਾਈ ਨੂੰ ਘਰੋਂ ਨਿਕਲੇ ਸੱਤ ਬੱਚਿਆਂ ’ਚੋਂ ਦੋ ਲਾਪਤਾ ਬੱਚੇ ਗੌਰਵ ਅਤੇ ਗਿਆਨ ਚੰਦ ਨੂੰ ਪੁਲਿਸ ਨੇ ਚੌਥੇ ਦਿਨ ਬਰਾਮਦ ਕਰ ਲਿਆ ਸੀ। ਇਹ ਦੋਵੇਂ ਬੱਚੇ ਦਿਲੀਪ, ਵਿਸ਼ਨੂੰ, ਅਨਿਲ, ਸੂਰਜ ਅਤੇ ਅਜੇ ਸਾਹਨੀ ਨਾਲ ਖੇਡਣ ਲਈ ਘਰੋਂ ਨਿਕਲੇ ਸਨ। ਇਨ੍ਹਾਂ ਬੱਚਿਆਂ ਦੇ ਮੁੰਬਈ ਆਉਣ ਦੀ ਤਿਆਰੀ ਕਾਫ਼ੀ ਸਮੇਂ ਤੋਂ ਚੱਲ ਰਹੀ ਸੀ। ਬੱਚਿਆਂ ਨੇ ਕੁੱਲ 3000 ਰੁਪਏ ਇਕੱਠੇ ਕੀਤੇ ਸਨ। ਉਹ ਮੁੰਬਈ ਰੇਲਵੇ ਸਟੇਸ਼ਨ ’ਤੇ ਸੌਂਦੇ ਸਨ ਅਤੇ ਉੱਥੇ ਸਮਾਂ ਬਿਤਾਉਂਦੇ ਰਹੇ। ਡੇਰਾਬੱਸੀ ਤੋਂ ਏਐੱਸਆਈ ਕੇਵਲ ਕੁਮਾਰ ਤੇ ਹੌਲਦਾਰ ਰਣਜੀਤ ਸਿੰਘ ਸ਼ੁੱਕਰਵਾਰ ਨੂੰ ਹੀ ਮੁੰਬਈ ਲਈ ਰਵਾਨਾ ਹੋਏ ਸਨ। ਅਨਿਲ ਅਤੇ ਵਿਸ਼ਨੂੰ ਦੇ ਪਿਤਾ ਵੀ ਉਨ੍ਹਾਂ ਦੇ ਨਾਲ ਗਏ। ਬੋਰੀਵਲੀ ਪੁਲਿਸ ਨੇ ਉਨ੍ਹਾਂ ਨੂੰ ਲੱਭ ਕੇ ਆਪਣੀ ਹਿਰਾਸਤ ਵਿਚ ਲੈ ਲਿਆ। ਦੋ ਦਿਨ ਉਹ ਥਾਣੇ ਵਿਚ ਹੀ ਖਾਂਦੇ-ਪੀਂਦੇ ਰਹੇ। ਡੇਰਾਬੱਸੀ ਪੁਲਿਸ ਉਨ੍ਹਾਂ ਨੂੰ ਲੈ ਗਈ ਤੇ ਮੁੰਬਈ ਤੋਂ ਰੇਲ ਰਾਹੀਂ ਇੱਥੇ ਆਉਣ ਦਾ ਸਾਰਾ ਖਾਣ-ਪੀਣ ਦਾ ਖਰਚਾ ਡੇਰਾਬੱਸੀ ਪੁਲਿਸ ਨੇ ਚੁੱਕਿਆ।
ਏਐੱਸਪੀ ਵੈਭਵ ਚੌਧਰੀ ਤੇ ਡੇਰਾਬੱਸੀ ਦੇ ਐੱਸਐੱਚਓ ਮਨਦੀਪ ਸਿੰਘ ਨੇ ਦੱਸਿਆ ਕਿ ਭਾਵੇਂ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਹਵਾਲੇ ਕਰ ਦਿੱਤਾ ਗਿਆ ਹੈ, ਪਰ ਪੁਲਿਸ ਨੈਤਿਕਤਾ ਦੇ ਮੱਦੇਨਜ਼ਰ ਇਨ੍ਹਾਂ ਬੱਚਿਆਂ ਦੇ ਨਾਲ-ਨਾਲ ਉਨ੍ਹਾਂ ਦੇ ਮਾਪਿਆਂ ਨਾਲ ਵੀ ਸੰਪਰਕ ਕਰ ਕੇ ਉਨ੍ਹਾਂ ਦੇ ਪਾਲਣ-ਪੋਸ਼ਣ ਵਿਚ ਕਮੀਆਂ ਨੂੰ ਦੂਰ ਕਰਨ ਲਈ ਸਲਾਹ ਦੇਵੇਗੀ। ਏਐੱਸਪੀ ਨੇ ਦੱਸਿਆ ਕਿ ਪੁਲਿਸ ਨੇ ਇਨ੍ਹਾਂ ਲਾਪਤਾ ਬੱਚਿਆਂ ਨੂੰ ਨਾਜਾਇਜ਼ ਹਿਰਾਸਤ ਵਿਚ ਰੱਖਣ ਦੇ ਦੋਸ਼ ਵਿਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਸੀ ਪਰ ਹੁਣ ਇਨ੍ਹਾਂ ਦੇ ਸਹੀ ਸਲਾਮਤ ਵਾਪਸ ਆਉਣ ਮਗਰੋਂ ਇਹ ਕੇਸ ਖਾਰਜ ਕਰ ਦਿੱਤਾ ਜਾਵੇਗਾ।

Leave a Reply

Your email address will not be published. Required fields are marked *