ਦਿੱਲੀ ਵਿਚ 1984 ਦੇ ਸਿੱਖ ਕਤਲੇਆਮ ਦੇ 437 ਪੀੜਤ ਪਰਿਵਾਰਾਂ ਦੇ ਇਕ-ਇਕ ਜੀਅ ਨੂੰ ਮਿਲੇਗੀ ਸਰਕਾਰੀ ਨੌਕਰੀ

ਚੰਡੀਗੜ੍ਹ ਨੈਸ਼ਨਲ ਪੰਜਾਬ

ਨਵੀਂ ਦਿੱਲੀ, 14 ਜੁਲਾਈ ,ਬੋਲੇ ਪੰਜਾਬ ਬਿਊਰੋ ;

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਆਤਮਾ ਸਿੰਘ ਲੁਬਾਣਾ ਨੇ ਦੱਸਿਆ ਕਿ ਦਿੱਲੀ ਵਿਚ 1984 ਦੇ ਸਿੱਖ ਕਤਲੇਆਮ ਦੇ 437 ਪੀੜਤ ਪਰਿਵਾਰਾਂ ਦੇ ਇਕ-ਇਕ ਜੀਅ ਨੂੰ ਸਰਕਾਰੀ ਨੌਕਰੀ ਮਿਲਣ ਜਾ ਰਹੀ ਹੈ ਜਿਸ ਵਾਸਤੇ ਉਮਰ ਤੇ ਸਿੱਖਿਆ ਦੋਵਾਂ ਵਿਚ ਵੱਡੀ ਛੋਟ ਦਿੱਤੀ ਗਈ ਹੈ।
ਅੱਜ ਇਥੇ ਜਾਰੀ ਕੀਤੇ ਇਕ ਬਿਆਨ ਵਿਚ ਆਤਮਾ ਸਿੰਘ ਲੁਬਾਣਾ ਨੇ ਦੱਸਿਆ ਕਿ ਅਸੀਂ ਕਈ ਸਾਲਾਂ ਤੋਂ ਇਸ ਮਾਮਲੇ ਵਿਚ ਸੰਘਰਸ਼ ਕਰ ਰਹੇ ਹਾਂ। ਪਹਿਲਾਂ 16 ਜਨਵਰੀ 2006 ਨੂੰ ਭਾਰਤ ਸਰਕਾਰ ਨੇ ਫੈਸਲਾ ਕੀਤਾ ਸੀ ਕਿ ਹਰ ਸ਼ਹੀਦ ਪਰਿਵਾਰ ਦੇ ਲੋਕਾਂ ਨੂੰ ਨੌਕਰੀ ਦਿੱਤੀ ਜਾਵੇਗੀ। ਇਸ ਵਿਚ ਦਿੱਲੀ ਸਰਕਾਰ ਨੇ 2007 ਵਿਚ ਕੈਬਨਿਟ ਨੋਟ ਲਿਆਂਦਾ ਸੀ ਜਿਸ ਵਿਚ ਕਿਹਾ ਸੀ ਕਿ ਜਿਹੜੇ ਪਰਿਵਾਰਾਂ ਦੇ ਜੀਅ ਸ਼ਹੀਦ ਹੋਏ ਤੇ ਫੱਟੜ ਹੋਏ ਉਹਨਾਂ ਨੂੰ ਨੌਕਰੀ ਦਿੱਤੀ ਜਾਵੇਗੀ।
ਹੁਣ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਯਤਨਾਂ ਦੀ ਬਦੌਤਲ 27.11.2019 ਨੂੰ ਹਾਈ ਕੋਰਟ ਦੇ ਡਬਲ ਬੈਂਚ ਦਾ ਹੁਕਮ ਆਇਆ ਸੀ ਕਿ ਹਰੇਕ ਪਰਿਵਾਰ ਨੂੰ ਨੌਕਰੀ ਦਿੱਤੀ ਜਾਵੇ ਅਤੇ ਜੇਕਰ ਨੌਕਰੀ ਨਹੀਂ ਦੇ ਸਕਦੇ ਤਾਂ ਕਾਰਣ ਦੱਸਿਆ ਜਾਵੇ।
ਉਹਨਾਂ ਦੱਸਿਆ ਕਿ ਪਿਛਲੇ ਸਾਲ 22 ਲੋਕਾਂ ਨੂੰ ਨੌਕਰੀ ਦਿੱਤੀ ਗਈ ਸੀ ਤੇ ਹੁਣ ਅਸੀਂ ਤਾਜ਼ਾ ਅਰਜ਼ੀਆਂ ਜਮ੍ਹਾਂ ਕਰਵਾਈਆਂ ਸਨ। ਉਹਨਾਂ ਦੱਸਿਆ ਕਿ ਹੁਣ 9.7.2024 ਨੂੰ ਜਿਹੜੀ ਅਸੀਂ ਮਿਹਨਤ ਕੀਤੀ ਹੈ, ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ, ਮੌਜੂਦਾ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਦੇ ਵੱਡਮੁੱਲੇ ਸਹਿਯੋਗ ਸਦਕਾ ਅਤੇ ਮੈਂਬਰ ਸੁਰਜੀਤ ਸਿੰਘ, ਬਲਬੀਰ ਸਿੰਘ ਅਤੇ ਰਮਿੰਦਰ ਸਿੰਘ ਸਵੀਟਾ ਦੀ ਮਿਹਨਤ ਸਦਕਾ ਪਿਛਲੇ ਦਿਨੀਂ ਉਪ ਰਾਜਪਾਲ ਨੇ ਪ੍ਰਵਾਨਗੀ ਦਿੱਤੀ ਹੈ ਅਤੇ ਹੁਕਮ ਜਾਰੀ ਕੀਤੇ ਹਨ ਕਿ ਇਹਨਾਂ ਪਰਿਵਾਰਾਂ ਦੀ ਵੈਰੀਫਿਕੇਸ਼ਨ ਕੀਤੀ ਜਾਵੇ।
ਉਹਨਾਂ ਦੱਸਿਆ ਕਿ ਇਹਨਾਂ 9 ਜ਼ਿਲ੍ਹਿਆਂ ਵਿਚ 437 ਪਰਿਵਾਰਾਂ ਦੇ ਬੱਚਿਆਂ ਦੀ ਨੌਕਰੀ ਲੱਗਣ ਵਾਲੀ ਹੈ। ਉਹਨਾਂ ਕਿਹਾ ਕਿ 1984 ਦੇ ਜਿਹੜੇ ਸ਼ਹੀਦ ਪਰਿਵਾਰਾਂ ਦੇ ਮੈਂਬਰਾਂ ਨੇ ਫਾਰਮ ਨਹੀਂ ਭਰੇ ਉਹ ਸਾਡੇ ਕੋਲ ਦਿੱਲੀ ਗੁਰਦੁਆਰਾ ਕਮੇਟੀ ਦਫਤਰ ਵਿਚ ਆ ਕੇ ਜਾਂ ਫਿਰ 5 ਸ਼ਾਮਨਾਥ ਮਾਰਗ ਵਿਚ ਜਾ ਕੇ ਫਾਰਮ ਭਰ ਸਕਦੇ ਹਨ। ਜਿਹਨਾਂ ਨੂੰ ਨੌਕਰੀ ਮਿਲਣੀ ਹੈ, ਕਾਰਵਾਈ ਚਲ ਰਹੀ ਹੈ। ਉਹਨਾਂ ਦੱਸਿਆ ਕਿ ਇਕ ਮਹੀਨੇ ਵਿਚ 50 ਲੋਕ ਨੌਕਰੀ ਲੱਗ ਜਾਣਗੇ। ਇਸ ਵਾਸਤੇ ਉਮਰ ਤੇ ਸਿੱਖਿਆ ਵਿਚ ਵੀ ਛੋਟ ਦਿੱਤੀ ਗਈ ਹੈ।
ਉਹਨਾਂ ਇਹ ਵੀ ਦੱਸਿਆ ਕਿ 19 ਜੁਲਾਈ ਨੂੰ ਸ਼ਾਮ 3.00 ਵਜੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਚ ਇਕੱਠ ਕੀਤਾ ਜਾਵੇਗਾ ਅਤੇ ਉਹਨਾਂ ਨੇ ਅਪੀਲ ਕੀਤੀ ਕਿ ਜਿਹਨਾਂ ਨੇ ਫਾਰਮ ਭਰੇ ਹਨ, ਉਹ ਪਰਿਵਾਰ ਸਹਿਤ ਇਸ ਪ੍ਰੋਗਰਾਮ ਵਿਚ ਸ਼ਮੂਲੀਅਤ ਕਰਨ। ਇਸ ਪ੍ਰੋਗਰਾਮ ਵਿਚ ਦੱਸਿਆ ਜਾਵੇਗਾ ਕਿ ਤੁਸੀਂ ਕਿਵੇਂ ਐਸ ਡੀ ਐਮ ਕੋਲ ਜਾਣਾ ਹੈ ਤੇ ਆਪਣੀ ਗੱਲ ਰੱਖਣੀ ਹੈ।
ਉਹਨਾਂ ਕਿਹਾ ਕਿ ਦਿੱਲੀ ਕਮੇਟੀ ਪੀੜਤ ਪਰਿਵਾਰਾਂ ਦੀ ਸਹਾਇਤਾ ਲਈ ਹਰ ਲੋੜੀਂਦਾ ਕਦਮ ਚੁੱਕੇਗੀ ਤੇ ਇਹਨਾਂ ਪਰਿਵਾਰਾਂ ਨਾਲ ਹਮੇਸ਼ਾ ਵਾਂਗੂ ਡੱਟ ਕੇ ਖੜ੍ਹੀ ਹੋਵੇਗੀ।

Leave a Reply

Your email address will not be published. Required fields are marked *