ਸੰਗਰੂਰ, 14 ਜੁਲਾਈ ,ਬੋਲੇ ਪੰਜਾਬ ਬਿਊਰੋ ;
2364 ਈਟੀਟੀ ਅਧਿਆਪਕ ਭਰਤੀ ਨੂੰ ਪੂਰਾ ਕਰਵਾਉਣ ਲਈ ਲਗਾਤਾਰ ਸੰਘਰਸ਼ ਕਰਦੀ ਆ ਰਹੀ ਕਮੇਟੀ ਦੇ ਆਗੂਆਂ ਦੀ ਮੀਟਿੰਗ ਸਰਗਰਮ ਆਗੂ ਗੁਰਸੇਵ ਸਿੰਘ ਸਲੇਮਗੜ੍ਹ ਦੀ ਅਗਵਾਈ ਹੇਠ ਬੀ ਐਸ ਐਨ ਐਲ ਪਾਰਕ ਸੰਗਰੂਰ ਵਿਖੇ ਹੋਈ ਜਿਸ ਵਿੱਚ ਯੂਨੀਅਨ ਦੇ ਆਗੂਆਂ ਵੱਲੋਂ ਦੱਸਿਆ ਗਿਆ ਕਿ ਮੌਜੂਦਾ ਸਰਕਾਰ ਰੁਜ਼ਗਾਰ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਪਰ ਸੂਬੇ ਦੇ ਪ੍ਰਾਇਮਰੀ ਸਕੂਲਾਂ ’ਚ ਖਾਲੀ ਪਈਆਂ ਹਜ਼ਾਰਾਂ ਅਸਾਮੀਆਂ ਝੂਠੇ ਦਾਵਿਆਂ ਦੀਆਂ ਪੋਲ ਖੋਲ ਰਹੀਆਂ ਹਨ। ਈਟੀਟੀ ਅਧਿਆਪਕਾਂ ਦੀ ਭਰਤੀ ਦਾ ਨੋਟੀਫਿਕੇਸ਼ਨ 6 ਮਾਰਚ 2020 ਨੂੰ ਆਇਆ ਸੀ, ਪਰ ਸੂਬਾ ਸਰਕਾਰ ਦੀਆਂ ਨਲਾਇਕੀਆਂ ਕਾਰਨ ਬੇਰੁਜ਼ਗਾਰ ਅਧਿਆਪਕ ਅੱਜ ਵੀ ਕੋਰਟਾਂ ਦੇ ਗੇੜੇ ਕੱਢ ਰਹੇ ਹਨ 19 ਦਸੰਬਰ 2023 ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਡਬਲ ਬੈਂਚ ਦੇ ਚੀਫ ਜਸਟਿਸ ਰੀਤੂ ਬਾਹਰੀ ਨੇ 8 ਹਫਤਿਆਂ ਵਿੱਚ ਭਰਤੀ ਨੂੰ ਪੂਰਾ ਕਰਨ ਦੇ ਹੁਕਮ ਜਾਰੀ ਕੀਤੇ ਸਨ ਪਰੰਤੂ ਸੂਬਾ ਸਰਕਾਰ ਵੱਲੋਂ ਹੁਣ ਤੱਕ ਭਰਤੀ ਪੂਰੀ ਨਹੀਂ ਕੀਤੀ ਗਈ ਅਤੇ ਕੋਰਟ ਦੇ ਹੁਕਮਾਂ ਦੀ ਉਲੰਘਣਾ ਕੀਤੀ ਗਈ ਹੈ। ਭਰਤੀ ਉੱਤੇ ਜੋ ਪਿਛਲੇ ਦਿਨੀ ਕੇਸ ਲੱਗੇ ਸੀ, ਉਨਾਂ ਦਾ ਵੀ ਮਾਣਯੋਗ ਹਾਈਕੋਰਟ ਵੱਲੋਂ ਪਿਛਲੇ ਦਿਨੀ ਨਿਪਟਾਰਾ ਕਰ ਦਿੱਤਾ ਗਿਆ ਹੈ ਅਤੇ ਨਿਰੋਲ ਈਟੀਟੀ ਨਿਯੁਕਤੀਆਂ ਕਰਨ ਦਾ ਰਾਹ ਸਾਫ ਕਰ ਦਿੱਤਾ, ਪ੍ਰੰਤੂ ਫਿਰ ਵੀ ਸਰਕਾਰ ਵੱਲੋਂ ਅਜੇ ਤੱਕ ਕੋਈ ਵੀ ਹਾਂ-ਪੱਖੀ ਹੁੰਗਾਰਾ ਨਹੀਂ ਭਰਿਆ ਜਾ ਰਿਹਾ। ਜਿਸ ਨੂੰ ਲੈ ਕੇ ਬੇਰੁਜ਼ਗਾਰ 2364 ਅਧਿਆਪਕ ਅਤੇ ਉਨਾਂ ਦੇ ਪਰਿਵਾਰ ਚਿੰਤਾਂ ਵਿੱਚ ਹਨ। ਬੇਰੁਜ਼ਗਾਰ ਦਾ ਸੰਤਾਪ ਹੰਡਾ ਰਹੇ ਅਧਿਆਪਕਾਂ ਨੇ ਜ਼ਿਲ੍ਹਾ ਪੱਧਰ ਤੇ ਮੀਟਿੰਗਾਂ ਕਰਕੇ ਲਾਮਬੰਦੀ ਸ਼ੁਰੂ ਕਰ ਦਿੱਤੀ ਹੈ। ਜਿਸ ਕਰਕੇ ਸੂਬਾ ਸਰਕਾਰ ਹੁਣ ਤਕੜੇ ਸੰਘਰਸ਼ਾਂ ਦਾ ਸਾਹਮਣਾ ਕਰਨ ਲਈ ਤਿਆਰ ਰਹੇ।
ਬੇਰੁਜ਼ਗਾਰ ਅਧਿਆਪਕਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਬਿਨਾਂ ਕਿਸੇ ਦੇਰੀ ਦੇ ਅਧਿਆਪਕਾਂ ਨੂੰ ਪ੍ਰਾਇਮਰੀ ਸਕੂਲਾਂ ਵਿੱਚ ਭੇਜੇ ਤਾਂ ਜੋ ਪ੍ਰਾਇਮਰੀ ਸਿੱਖਿਆ ਵਿੱਚ ਸੁਧਾਰ ਆ ਸਕੇ ਮੀਟਿੰਗ ਵਿੱਚ ਹਾਜ਼ਰ ਬੇਰੁਜ਼ਗਾਰ ਅਧਿਆਪਕਾਂ ਨੇ ਸਰਕਾਰ ਨੂੰ ਚਿਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਭਰਤੀ ਪ੍ਰਕਿਰਿਆ ਨੂੰ ਪੂਰਾ ਨਹੀਂ ਕਰਦੀ ਤਾਂ ਬੇਰੁਜ਼ਗਾਰ ਅਧਿਆਪਕਾਂ ਨੂੰ ਮਜਬੂਰਨ ਸੜਕਾਂ ਤੇ ਉੱਤਰਨਾ ਪਵੇਗਾ ਅਤੇ ਗੁਪਤ ਐਕਸ਼ਨ ਉਲੀਕੇ ਜਾਣਗੇ ਜਿਸ ਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।