ਲੁਧਿਆਣਾ, 14 ਜੁਲਾਈ ,ਬੋਲੇ ਪੰਜਾਬ ਬਿਊਰੋ :
ਪੱਖੋਵਾਲ ਰੋਡ ‘ਤੇ ਹਿੰਮਤ ਸਿੰਘ ਨਗਰ ‘ਚ ਇਕ ਨਾਬਾਲਿਗ ਲੜਕੀ ਨੇ ਆਪਣੇ ਘਰ ਵਿਚ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ | ਇਸ ਤੋਂ ਪਹਿਲਾਂ ਲੜਕੀ ਲਾਪਤਾ ਹੋ ਗਈ ਸੀ ਅਤੇ ਤਿੰਨ ਦਿਨਾਂ ਬਾਅਦ ਪੁਲਿਸ ਨੇ ਉਸ ਨੂੰ ਲੱਭ ਲਿਆ ਸੀ | ਬੀਤੇ ਦਿਨੀਂ ਆਪਣੇ ਭੈਣ-ਭਰਾ ਨਾਲ ਖੇਡਦੇ ਸਮੇਂ ਉਸ ਦੀ ਉਨ੍ਹਾਂ ਨਾਲ ਬਹਿਸ ਹੋ ਗਈ, ਜਿਸ ਤੋਂ ਬਾਅਦ ਉਸ ਨੇ ਖ਼ੁਦਕੁਸ਼ੀ ਕਰ ਲਈ | ਘਟਨਾ ਦਾ ਪਤਾ ਉਸ ਵਕਤ ਲੱਗਾ, ਜਦੋਂ ਮਿ੍ਤਕ ਦਾ ਪਿਤਾ ਕੰਮ ਤੋਂ ਘਰ ਪਰਤਿਆ | ਉਹ ਆਪਣੀ ਬੇਟੀ ਨੂੰ ਪੱਖੇ ਨਾਲ ਲਟਕਦੀ ਦੇਖ ਕੇ ਹੈਰਾਨ ਰਹਿ ਗਿਆ | ਉਸ ਨੂੰ ਤੁਰੰਤ ਹੇਠਾਂ ਉਤਾਰ ਕੇ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਸ ਨੂੰ ਸਿਵਲ ਹਸਪਤਾਲ ਰੈਫ਼ਰ ਕਰ ਦਿੱਤਾ, ਜਿੱਥੇ ਉਸ ਨੂੰ ਮਿ੍ਤਕ ਐਲਾਨ ਦਿੱਤਾ ਗਿਆ |
ਲੜਕੀ ਦੇ ਪਿਤਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਦੀ ਲੜਕੀ ਆਪਣੀ ਸਹੇਲੀ ਨਾਲ ਵਿਆਹ ਕਰਨਾ ਚਾਹੁੰਦੀ ਸੀ ਅਤੇ ਉਹ ਸਮਾਜਿਕ ਬਾਈਕਾਟ ਦੇ ਡਰੋਂ ਇਸ ਲਈ ਰਾਜ਼ੀ ਨਹੀਂ ਹੋ ਰਿਹਾ ਸੀ | ਤਿੰਨ ਦਿਨ ਪਹਿਲਾਂ ਉਹ ਵੀ ਆਪਣੀ ਇਸ ਸਹੇਲੀ ਨਾਲ ਘਰੋਂ ਚਲੀ ਗਈ | ਸ਼ੁੱਕਰਵਾਰ ਸਵੇਰੇ ਉਹ ਇਕ ਪਾਰਕ ਵਿਚ ਬੈਠੀ ਮਿਲੀ ਅਤੇ ਪੁਲਿਸ ਨੇ ਉਸਦਾ ਪਤਾ ਲਗਾਇਆ | ਕੱਲ੍ਹ ਦੇਰ ਸ਼ਾਮ ਕਿਸੇ ਗੱਲ ਨੂੰ ਲੈ ਕੇ ਉਸ ਦੀ ਆਪਣੇ ਤਿੰਨ ਹੋਰ ਭੈਣ-ਭਰਾਵਾਂ ਨਾਲ ਝਗੜਾ ਹੋ ਗਿਆ | ਇਸ ਤੋਂ ਬਾਅਦ ਉਸ ਨੇ ਆਪਣੇ ਆਪ ਨੂੰ ਕਮਰੇ ‘ਚ ਬੰਦ ਕਰਕੇ ਖ਼ੁਦਕੁਸ਼ੀ ਕਰ ਲਈ | ਮਿ੍ਤਕ ਦੇ ਪਿਤਾ ਨੇ ਦੱਸਿਆ ਕਿ ਉਸਦੇ ਚਾਰ ਬੱਚੇ ਹਨ, ਤਿੰਨ ਲੜਕੀਆਂ ਅਤੇ ਇਕ ਲੜਕਾ ਹੈ | ਮਿ੍ਤਕਾ ਉਸ ਦੀ ਦੂਜੇ ਨੰਬਰ ਵਾਲੀ ਧੀ ਸੀ | ਦੁੱਗਰੀ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਲੜਕੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਅਤੇ ਜਾਂਚ ਕੀਤੀ ਜਾ ਰਹੀ ਹੈ |