ਚੰਡੀਗੜ੍ਹ, 14 ਜੁਲਾਈ ,ਬੋਲੇ ਪੰਜਾਬ ਬਿਊਰੋ :
ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਦੋਸ਼ ਲਗਾਇਆ ਹੈ ਕਿ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਅਧਿਕਾਰੀ ਹੁਣ ਕੋਰਾ ਝੂਠ ਬੋਲ ਰਹੇ ਹਨ ਤੇ ਕਹਿ ਰਹੇ ਹਨ ਤੇ ਅਸੀਂ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀਆਂ ਸੇਵਾਵਾਂ ਬਹਾਲ ਕਰਨ ਵਾਲੇ ਮਾਮਲੇ ਵਿੱਚ ਯੂਨੀਅਨ ਦੇ ਵਫ਼ਦ ਨਾਲ ਮੀਟਿੰਗ ਕਰਦਿਆਂ ਸਟੇਅ ਲੈਣ ਦੀ ਕੋਈ ਗੱਲ ਹੀ ਨਹੀਂ ਕੀਤੀ।
ਯੂਨੀਅਨ ਦੀ ਸੂਬਾ ਦਫ਼ਤਰ ਸਕੱਤਰ ਸ਼ਿੰਦਰਪਾਲ ਕੌਰ ਥਾਂਦੇਵਾਲਾ, ਸੂਬਾ ਜਨਰਲ ਸਕੱਤਰ ਗੁਰਮੀਤ ਕੌਰ ਗੋਨੇਆਣਾ , ਸਤਵੰਤ ਕੌਰ ਭੋਗਪੁਰ , ਜ਼ਿਲਾ ਬਰਨਾਲਾ ਦੀ ਪ੍ਰਧਾਨ ਦਲਜੀਤ ਕੌਰ ਬਰਨਾਲਾ , ਜ਼ਿਲਾ ਲੁਧਿਆਣਾ ਦੀ ਪ੍ਰਧਾਨ ਗੁਰ ਅੰਮ੍ਰਿਤ ਕੌਰ ਸਿੱਧਵਾਂ ਬੇਟ , ਜ਼ਿਲਾ ਫਿਰੋਜਪੁਰ ਦੀ ਪ੍ਰਧਾਨ ਸ਼ੀਲਾ ਦੇਵੀ ਤੱਲੇਵਾਲਾ ਅਤੇ ਜ਼ਿਲਾ ਫਰੀਦਕੋਟ ਦੀ ਪ੍ਰਧਾਨ ਗੁਰਮੀਤ ਕੌਰ ਦਬੜੀਖਾਨਾ ਦਾ ਕਹਿਣਾ ਹੈ ਕਿ ਚੰਡੀਗੜ੍ਹ ਮੁੱਖ ਦਫਤਰ ਵਿੱਚ ਹੋਈ ਮੀਟਿੰਗ ਦੌਰਾਨ ਉਹ ਹਰਗੋਬਿੰਦ ਕੌਰ ਦੇ ਨਾਲ ਹੀ ਮੀਟਿੰਗ ਵਿੱਚ ਬੈਠੀਆਂ ਸਨ ਤੇ ਉਸ ਵੇਲੇ ਉੱਚ ਅਧਿਕਾਰੀਆਂ ਨੇ ਇਹ ਕਿਹਾ ਸੀ ਕਿ ਅਸੀ ਸਟੇਅ ਲਵਾਂਗੇ ਅਤੇ ਫਾਈਲ ਸਕੱਤਰ ਕੋਲ ਭੇਜੀ ਗਈ ਹੈ। ਉਕਤ ਆਗੂਆਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦੇ ਦਬਾਅ ਹੇਠ ਆ ਕੇ ਹੁਣ ਅਧਿਕਾਰੀ ਆਪਣੀ ਕਹੀ ਹੋਈ ਗੱਲ ਤੋਂ ਮੁੱਕਰ ਗਏ ਹਨ ਤੇ ਉਲਟਾ ਹਰਗੋਬਿੰਦ ਕੌਰ ਨੂੰ ਝੂਠੀ ਸਾਬਤ ਕਰਨ ਲਈ ਅਜਿਹੇ ਬਿਆਨ ਦੇ ਰਹੇ ਹਨ। ਉਕਤ ਆਗੂਆਂ ਨੇ ਕਿਹਾ ਕਿ ਹਰਗੋਬਿੰਦ ਕੌਰ ਸੱਚੇ ਸੁੱਚੇ ਕਿਰਦਾਰ ਵਾਲੀ ਜੁਝਾਰੂ ਆਗੂ ਹੈ ਤੇ ਸਰਕਾਰ ਦੀਆਂ ਘੁਰਕੀਆਂ ਤੋਂ ਡਰਨ ਵਾਲੀ ਨਹੀਂ । ਸਾਰੀ ਯੂਨੀਅਨ ਉਹਨਾਂ ਦੇ ਨਾਲ ਖੜੀ ਹੈ ਤੇ ਸਰਕਾਰ ਦੇ ਨੱਕ ਵਿੱਚ ਦਮ ਕਰ ਦੇਵਾਗੇ।