ਚੰਡੀਗੜ੍ਹ, 13 ਜੁਲਾਈ ,ਬੋਲੇ ਪੰਜਾਬ ਬਿਊਰੋ :
ਹਰਿਆਣਾ ਦੇ ਸੋਨੀਪਤ ‘ਚ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ ਹੋਇਆ। ਇਸ ਵਿੱਚ ਬਦਨਾਮ ਗੈਂਗਸਟਰ ਫਿਰੌਤੀ ਕਿੰਗ ਹਿਮਾਂਸ਼ੂ ਭਾਊ ਗੈਂਗ ਦੇ 3 ਸ਼ਾਰਪ ਸ਼ੂਟਰਾਂ ਨੂੰ ਪੁਲਿਸ ਨੇ ਮਾਰ ਮੁਕਾਇਆ। ਇਸ ਦੌਰਾਨ ਦਿੱਲੀ ਕ੍ਰਾਈਮ ਬ੍ਰਾਂਚ ਦੇ ਸਬ-ਇੰਸਪੈਕਟਰ ਅਰੁਣ ਨੂੰ ਵੀ ਗੋਲੀ ਮਾਰ ਦਿੱਤੀ ਗਈ। ਪੁਲਸ ਨੇ ਰਾਤ ਨੂੰ ਹੀ ਤਿੰਨਾਂ ਗੈਂਗਸਟਰਾਂ ਦੀਆਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਹਸਪਤਾਲ ਪਹੁੰਚਾਇਆ।
ਪੁਲਿਸ ਮੁਕਾਬਲੇ ‘ਚ ਮਾਰੇ ਗਏ ਗੈਂਗਸਟਰਾਂ ਦੀ ਪਹਿਚਾਣ ਹਿਸਾਰ ਦੇ ਰਹਿਣ ਵਾਲੇ ਅਸ਼ੀਸ਼ ਉਰਫ਼ ਲਾਲੂ, ਹਿਸਾਰ ਦੇ ਪਿੰਡ ਖਰੜ ਦੇ ਰਹਿਣ ਵਾਲੇ ਸੰਨੀ ਖਰੜ ਅਤੇ ਸੋਨੀਪਤ ਦੇ ਗੋਹਾਨਾ ਦੇ ਪਿੰਡ ਰਿੰਧਾਨਾ ਦੇ ਰਹਿਣ ਵਾਲੇ ਵਿੱਕੀ ਵਜੋਂ ਹੋਈ ਹੈ। ਉਹ ਹਿਸਾਰ ਵਿੱਚ ਕਾਰੋਬਾਰੀਆਂ ਤੋਂ ਮੰਗੀ ਫਿਰੌਤੀ ਸਮੇਤ ਕਈ ਕਤਲਾਂ ਅਤੇ ਹੋਰ ਘਟਨਾਵਾਂ ਵਿੱਚ ਸ਼ਾਮਲ ਸਨ। ਪੁਲੀਸ ਨੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਲੱਖਾਂ ਰੁਪਏ ਦਾ ਇਨਾਮ ਰੱਖਿਆ ਹੋਇਆ ਸੀ। ਜਾਣਕਾਰੀ ਮੁਤਾਬਕ ਸੋਨੀਪਤ ਦੇ ਖਰਖੌਦਾ ਪਿੰਡ ‘ਚ ਚਿਨੌਲੀ ਬਾਈਪਾਸ ‘ਤੇ ਸੋਨੀਪਤ ਐੱਸ.ਟੀ.ਐੱਫ. (ਸਪੈਸ਼ਲ ਟਾਸਕ ਫੋਰਸ) ਅਤੇ ਨਵੀਂ ਦਿੱਲੀ ਰੇਂਜ ਪੁਲਸ ਵੱਲੋਂ ਇਹ ਸਾਂਝਾ ਆਪ੍ਰੇਸ਼ਨ ਚਲਾਇਆ ਗਿਆ। ਪੁਲਿਸ ਨੇ ਇਨ੍ਹਾਂ ਬਦਮਾਸ਼ਾਂ ਕੋਲੋਂ 5 ਆਟੋਮੈਟਿਕ ਹਥਿਆਰ ਵੀ ਬਰਾਮਦ ਕੀਤੇ ਹਨ।