ਫ਼ਰੀਦਕੋਟ, 13 ਜੁਲਾਈ,ਬੋਲੇ ਪੰਜਾਬ ਬਿਊਰੋ :
ਫ਼ਰੀਦਕੋਟ ਨੇੜਲੇ ਪਿੰਡ ਮਾਨੀ ਸਿੰਘ ਵਾਲਾ ਦੀ ਵਸਨੀਕ ਅਤੇ ਜੰਡ ਸਾਹਿਬ ਅਕਾਲ ਅਕੈਡਮੀ ਦੀ ਵਿਦਿਆਰਥਣ ਗੁਨੀਤ ਕੌਰ ਇਸ ਵਾਰ ਕਿੱਕ ਬਾਕਸਿੰਗ ਖੇਡ ਵਿੱਚ ਓਲੰਪਿਕ ਵਿੱਚ ਭਾਰਤ ਦੀ ਨੁਮਾਇੰਦਗੀ ਕਰੇਗੀ। ਗੁਨੀਤ ਕੌਰ ਦੀ ਓਲੰਪਿਕ ਲਈ ਚੋਣ ਹੋ ਚੁੱਕੀ ਹੈ। ਇਕ ਦਰਜਨ ਤੋਂ ਵੱਧ ਕੌਮੀ ਤੇ ਕੌਮਾਂਤਰੀ ਮੁਕਾਬਲੇ ਜਿੱਤਣ ਵਾਲੀ ਗੁਨੀਤ ਕੌਰ ਕਿਸਾਨ ਪਰਿਵਾਰ ਨਾਲ ਸਬੰਧਤ ਹੈ ਅਤੇ ਉਹ ਜੰਡ ਸਾਹਿਬ ਅਕਾਲ ਅਕੈਡਮੀ ਦੀ ਵਿਦਿਆਰਥਣ ਹੈ। ਓਲੰਪਿਕ ਵਿੱਚ ਉਹ ਕਿੱਕ ਬਾਕਸਿੰਗ ਲਈ ਭਾਰਤ ਦੀ ਤਰਫੋਂ ਖੇਡੇਗੀ। ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋ ਨੇ ਕਿਹਾ ਕਿ ਫਰੀਦਕੋਟ ਦੀਆਂ ਦੋ ਲੜਕੀਆਂ ਓਲੰਪਿਕ ਲਈ ਚੁਣੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਸਿਫਤ ਸਮਰਾ ਦੀ ਸ਼ੂਟਿੰਗ ਲਈ ਚੋਣ ਹੋ ਚੁੱਕੀ ਹੈ ਅਤੇ ਹੁਣ ਗੁਨੀਤ ਕੌਰ ਨੂੰ ਕਿੱਕ ਬਾਕਸਿੰਗ ਲਈ ਓਲੰਪਿਕ ਵਾਸਤੇ ਚੁਣਿਆ ਗਿਆ ਹੈ ਜੋ ਸਮੁੱਚੇ ਪੰਜਾਬ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਦੋਹਾਂ ਲੜਕੀਆਂ ਦੀ ਓਲੰਪਿਕ ਵਾਸਤੇ ਤਿਆਰੀ ਲਈ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਹਰ ਸੰਭਵ ਮਦਦ ਤੁਰੰਤ ਕਰੇਗਾ। ਗੁਨੀਤ ਕੌਰ ਨੇ ਕਿਹਾ ਕਿ ਉਹ ਦੇਸ ਲਈ ਖੇਡ ਕੇ ਸੋਨੇ ਦਾ ਮੈਡਲ ਜਿੱਤਣ ਦੀ ਇੱਛਾ ਰੱਖਦੀ ਹੈ ਅਤੇ ਇਸ ਲਈ ਉਹ ਹਰ ਸੰਭਵ ਤਿਆਰੀ ਕਰ ਰਹੀ ਹੈ।