ਨਵੀਂ ਦਿੱਲੀ, 13 ਜੁਲਾਈ, ਬੋਲੇ ਪੰਜਾਬ ਬਿਊਰੋ :
ਸੱਤ ਰਾਜਾਂ ਦੀਆਂ 13 ਵਿਧਾਨ ਸਭਾ ਸੀਟਾਂ ‘ਤੇ ਹੋਈਆਂ ਜ਼ਿਮਨੀ ਚੋਣਾਂ ਦੇ ਨਤੀਜੇ ਅੱਜ ਦੁਪਹਿਰ ਤੱਕ ਆ ਜਾਣਗੇ। ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ ਅਤੇ ਕੁਝ ਸਮੇਂ ਬਾਅਦ ਰੁਝਾਨ ਸਾਹਮਣੇ ਆਉਣਗੇ। ਲੋਕ ਸਭਾ ਚੋਣਾਂ ਤੋਂ ਬਾਅਦ ਇੱਕ ਵਾਰ ਫਿਰ ਐਨਡੀਏ ਬਨਾਮ ਇਡੀਆ ਗਠਜੋੜ ਵਿਚਾਲੇ ਟੱਕਰ ਦੇਖਣ ਨੂੰ ਮਿਲੇਗੀ। ਜਿਨ੍ਹਾਂ ਸੂਬਿਆਂ ‘ਚ ਜ਼ਿਮਨੀ ਚੋਣਾਂ ਹੋਈਆਂ ਹਨ, ਉਨ੍ਹਾਂ ‘ਚ ਮੱਧ ਪ੍ਰਦੇਸ਼, ਪੱਛਮੀ ਬੰਗਾਲ, ਬਿਹਾਰ, ਹਿਮਾਚਲ ਪ੍ਰਦੇਸ਼, ਪੰਜਾਬ, ਉੱਤਰਾਖੰਡ ਅਤੇ ਤਾਮਿਲਨਾਡੂ ਸ਼ਾਮਲ ਹਨ।
ਜਿਨ੍ਹਾਂ ਸੀਟਾਂ ‘ਤੇ ਉਪ ਚੋਣਾਂ ਹੋ ਰਹੀਆਂ ਹਨ, ਉਨ੍ਹਾਂ ‘ਚੋਂ ਭਾਜਪਾ ਨੇ 3, ਕਾਂਗਰਸ ਨੇ 2 ਅਤੇ ਹੋਰ ਪਾਰਟੀਆਂ ਨੇ 8 ਸੀਟਾਂ ‘ਤੇ ਜਿੱਤ ਹਾਸਲ ਕੀਤੀ ਸੀ। ਇਸ ਜ਼ਿਮਨੀ ਚੋਣ ਵਿਚ 10 ਸੀਟਾਂ ਵਿਧਾਇਕਾਂ ਦੇ ਅਸਤੀਫੇ ਕਾਰਨ ਅਤੇ ਤਿੰਨ ਸੀਟਾਂ ਮੌਜੂਦਾ ਵਿਧਾਇਕ ਦੀ ਮੌਤ ਕਾਰਨ ਖਾਲੀ ਹੋਈਆਂ ਸਨ।