ਵਿਜੀਲੈਂਸ ਬਿਊਰੋ ਵੱਲੋਂ 70,000 ਰੁਪਏ ਰਿਸ਼ਵਤ ਲੈਂਦੇ ਪੀ.ਐਨ.ਡੀ.ਟੀ. ਟੀਮ ਦੇ ਚਾਰ ਮੈਂਬਰ ਰੰਗੇ ਹੱਥੀਂ ਕਾਬੂ

ਚੰਡੀਗੜ੍ਹ ਪੰਜਾਬ

ਚੰਡੀਗੜ, 10 ਜੁਲਾਈ ,ਬੋਲੇ ਪੰਜਾਬ ਬਿਊਰੋ :

ਪੰਜਾਬ ਵਿਜੀਲੈਂਸ ਬਿਊਰੋ ਨੇ ਇੱਕ ਮਹੱਤਵਪੂਰਨ ਕਾਰਵਾਈ ਤਹਿਤ ਹਰਿਆਣਾ ਅਤੇ ਪੰਜਾਬ ਦੀ ਸਾਂਝੀ ਪ੍ਰੀ-ਕਨਸੈਪਸ਼ਨ ਅਤੇ ਪ੍ਰੀ-ਨੈਟਲ ਡਾਇਗਨੌਸਟਿਕ ਟੈਕਨੀਕ (ਪੀ.ਸੀ.ਪੀ.ਐਨ.ਡੀ.ਟੀ.) ਟੀਮ ਦੇ ਚਾਰ ਵਿਅਕਤੀਆਂ ਨੂੰ ਸਟਿੰਗ ਆਪ੍ਰੇਸ਼ਨ ਦੌਰਾਨ 70,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਹੈ। ਇਨ੍ਹਾਂ ਸ਼ੱਕੀਆਂ ਨੇ ਹੋਰ ਕਰਮਚਾਰੀਆਂ ਅਤੇ ਪ੍ਰਾਈਵੇਟ ਵਿਅਕਤੀਆਂ ਨਾਲ ਮਿਲ ਕੇ ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਕਲੀਨਿਕਾਂ ਵਿੱਚ ਚੱਲ ਰਹੇ ਗੈਰ-ਕਾਨੂੰਨੀ ਅਲਟਰਾਸਾਊਂਡ ਲਿੰਗ ਨਿਰਧਾਰਨ ਟੈਸਟਾਂ ਲਈ ਰਿਸ਼ਵਤਾਂ ਲੈਣ ਵਾਸਤੇ ਇੱਕ ਅੰਤਰਰਾਜੀ ਗਠਜੋੜ ਬਣਾਇਆ ਹੋਇਆ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਫੜੇ ਗਏ ਵਿਅਕਤੀਆਂ ਦੀ ਪਛਾਣ ਦੀਪਕ ਸਿਵਲ ਹਸਪਤਾਲ, ਸਿਰਸਾ ਵਿਖੇ ਫਾਰਮਾਸਿਸਟ ਵਜੋਂ ਤਾਇਨਾਤ ਗੋਇਲ ਪੁੱਤਰ ਚਮਨ ਲਾਲ, ਜ਼ਿਲ੍ਹਾ ਕੋਆਰਡੀਨੇਟਰ, ਪੀ.ਐਨ.ਡੀ.ਟੀ., ਸਿਵਲ ਸਰਜਨ, ਬਰਨਾਲਾ ਵਿਖੇ ਤਾਇਨਾਤ ਗੁਰਜੀਤ ਸਿੰਘ ਪੁੱਤਰ ਹਮੀਰ ਸਿੰਘ, ਸਿਵਲ ਸਰਜਨ ਦਫ਼ਤਰ ਬਠਿੰਡਾ ਵਿਖੇ ਚਪੜਾਸੀ ਵਜੋਂ ਤਾਇਨਾਤ ਰਾਜ ਸਿੰਘ ਪੁੱਤਰ ਗੁਰਤੇਜ ਸਿੰਘ ਅਤੇ ਸਿਵਲ ਸਰਜਨ ਦਫ਼ਤਰ ਸਿਰਸਾ ਵਿਖੇ ਡਰਾਈਵਰ ਸੁਰਿੰਦਰ ਸਿੰਘ ਪੁੱਤਰ ਰਾਮ ਕੁਮਾਰ ਵਜੋਂ ਹੋਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਕਿਹਾ ਕਿ ਪੀ.ਸੀ.ਪੀ.ਐਨ.ਡੀ.ਟੀ. ਐਕਟ, ਜੋ ਆਮ ਤੌਰ ’ਤੇ ਪੀ.ਐਨ.ਡੀ.ਟੀ. ਐਕਟ ਵਜੋਂ ਜਾਣਿਆ ਜਾਂਦਾ ਹੈ, ਦਾ ਮੁੱਖ ਉਦੇਸ਼ ਜਨਮ ਤੋਂ ਪਹਿਲਾਂ ਦੇ ਲਿੰਗ ਨਿਰਧਾਰਨ ਟੈਸਟਾਂ ’ਤੇ ਪਾਬੰਦੀ ਲਗਾ ਕੇ ਮਾਦਾ ਭਰੂਣ ਹੱਤਿਆ ਨੂੰ ਰੋਕਣਾ ਹੈ। ਇਹ ਦੋਵੇਂ ਲਿੰਗਾਂ ਲਈ ਬਰਾਬਰ ਮੌਕੇ ਯਕੀਨੀ ਬਣਾਉਣ ਲਈ ਡਾਇਗਨੌਸਟਿਕ ਤਕਨੀਕਾਂ ਨੂੰ ਵੀ ਨਿਯਮਿਤ ਕਰਦਾ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ ਪਾਤੜਾਂ, ਜ਼ਿਲ੍ਹਾ ਪਟਿਆਲਾ ਵਿੱਚ ਤਿੰਨ ਦਹਾਕਿਆਂ ਤੋਂ ਮਹਾਵੀਰ ਹਸਪਤਾਲ ਚਲਾ ਰਹੇ ਡਾ: ਅਸ਼ੋਕ ਕੁਮਾਰ ਨੇ ਵਿਜੀਲੈਂਸ ਕੋਲ ਪਹੁੰਚ ਕਰਕੇ ਦੱਸਿਆ ਕਿ 2020 ਵਿੱਚ ਪੰਜਾਬ ਦੇ ਸਥਾਨਕ ਡਾਕਟਰਾਂ ਅਤੇ ਹਰਿਆਣਾ ਦੇ ਸਿਰਸਾ ਵਿੱਚ ਪੀਐਨਡੀਟੀ ਇੰਚਾਰਜ ਵੱਲੋਂ ਕੀਤੀ ਸਾਂਝੀ ਜਾਂਚ ਤੋਂ ਬਾਅਦ ਡਾ.ਅਸ਼ੋਕ ਨੂੰ ਪੀਐਨਡੀਟੀ ਐਕਟ ਤਹਿਤ ਦੋਸ਼ਾਂ ਦਾ ਸਾਹਮਣਾ ਕਰਨਾ ਪਿਆ ਸੀ। ਇਸ ਪਿੱਛੋਂ ਮਾਰਚ 2024 ਵਿੱਚ ਉਸਦੇ ਕਲੀਨਿਕ, ਮਹਾਵੀਰ ਹਸਪਤਾਲ ’ਤੇ ਬਾਅਦ ਵਿੱਚ ਮਾਰੇ ਗਏ ਛਾਪੇ ਦੌਰਾਨ ਕੋਈ ਸਬੂਤ ਨਹੀਂ ਮਿਲਿਆ ਸੀ।
ਬੁਲਾਰੇ ਨੇ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਡਾਕਟਰ ਨੇ ਅੱਗੇ ਦੋਸ਼ ਲਾਇਆ ਕਿ ਸੁਰੇਂਦਰ ਬੈਨੀਵਾਲ, ਜੋ ਕਿ ਪੀ.ਐਨ.ਡੀ.ਟੀ. ਸਿਰਸਾ ਵਿਖੇ ਤੈਨਾਤ ਹੋਣ ਦਾ ਦਾਅਵਾ ਕਰਦਾ ਹੈ, ਨੇ ਕਥਿਤ ਤੌਰ ’ਤੇ ਵਟਸਐਪ ਰਾਹੀਂ ਡਾ: ਅਸ਼ੋਕ ਕੁਮਾਰ ਨਾਲ ਸੰਪਰਕ ਕੀਤਾ ਅਤੇ ਡਾ. ਅਸ਼ੋਕ ਤੋਂ ਗੈਰ-ਕਾਨੂੰਨੀ ਅਲਟਰਾਸਾਊਂਡ ਲਿੰਗ ਨਿਰਧਾਰਨ ਕਰਨ ਦੀ ਖੁੱਲ ਦੇਣ ਬਦਲੇ 70,000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ। ਇਸ ਦੌਰਾਨ ਬੈਨੀਵਾਲ ਵੱਲੋਂ ਰਿਸ਼ਵਤ ਮੰਗਣ ਸਬੰਧੀ ਸਪੱਸ਼ਟ ਮੰਗ ਕਰਨ ਦੀਆਂ ਆਡੀਓ ਰਿਕਾਰਡਿੰਗਾਂ ਉਪਲਬਧ ਹਨ, ਜਿਸ ਵਿੱਚ ਡਾ. ਭਾਰਤ ਭੂਸ਼ਣ, ਇੰਚਾਰਜ ਪੀ.ਐਨ.ਡੀ.ਟੀ. ਸਿਰਸਾ, ਲੁਧਿਆਣਾ ਤੋਂ ਡਾ: ਔਲਖ ਅਤੇ ਡਾ.ਐਸ.ਜੇ. ਸਿੰਘ ਵੀ ਸ਼ਾਮਲ ਹਨ।
ਬੁਲਾਰੇ ਲੇ ਅੱਗੇ ਖੁਲਾਸਾ ਕੀਤਾ ਕਿ ਬਿਊਰੋ ਨੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ, ਵਿਜੀਲੈਂਸ ਦੇ ਫਲਾਇੰਗ ਸਕੁਐਡ-1, ਪੰਜਾਬ ਨੇ ਮੋਹਾਲੀ ਵਿਖੇ ਸੁਰੇਂਦਰ ਬੈਨੀਵਾਲ ਖਿਲਾਫ ਐਫਆਈਆਰ ਦਰਜ ਕੀਤੀ। ਇਸੇ ਦੌਰਾਨ ਦੋਸ਼ੀ ਡਾਕਟਰਾਂ ਨੂੰ 40,000 ਦੀ ਰਕਮ ਸਮੇਤ ਫੜਨ ਲਈ ਪੰਜਾਬ ਅਤੇ ਹਰਿਆਣਾ ਦੇ ਡਾਕਟਰਾਂ ਦੀ ਸਾਂਝੀ ਟੀਮ ਨੇ ਲਿੰਗ ਨਿਰਧਾਰਨ ਕਰਨ ਲਈ ਇੱਕ ਫਰਜ਼ੀ ਮਹਿਲਾ ਮਰੀਜ਼ ਦੀ ਮੱਦਦ ਨਾਲ ਜਾਲ ਵਿਛਾਇਆ ਹੋਇਆ ਸੀ। ਉਕਤ ਮੁਲਜ਼ਮਾਂ ਦੀ ਟੀਮ ਪਟਿਆਲਾ ਜ਼ਿਲ੍ਹੇ ਦੇ ਪਾਤੜਾਂ ਕਸਬੇ ਵਿੱਚ ਇੱਕ ਨਿੱਜੀ ਹੋਟਲ ’ਤੇ ਫਰਜ਼ੀ ਮਹਿਲਾ ਮਰੀਜ਼ ਤੋਂ ਰਿਸ਼ਵਤ ਦੀ ਰਕਮ ਵਸੂਲਣ ਲਈ ਪਹੁੰਚੀ ਸੀ ਪਰ ਵਿਜੀਲੈਂਸ ਬਿਊਰੋ ਦੀ ਟੀਮ ਨੇ ਉਕਤ ਪੀ.ਐਨ.ਡੀ.ਟੀ. ਟੀਮ ਦੇ ਚਾਰ ਮੈਂਬਰਾਂ ਨੂੰ ਸ਼ਿਕਾਇਤਕਰਤਾ ਡਾ. ਅਸ਼ੋਕ ਤੋਂ 70,000 ਰੁਪਏ ਦੀ ਰਿਸ਼ਵਤ ਲੈਂਦਿਆਂ ਮੌਕੇ ’ਤੇ ਹੀ ਕਾਬੂ ਕਰ ਲਿਆ। ਉਕਤ ਸੰਯੁਕਤ ਟੀਮ ਦੇ ਮੈਂਬਰਾਂ ਦੀ ਮੌਜੂਦਗੀ ਵਿਚ ਹੀ ਉਹ 40,000 ਰੁਪਏ ਵੀ ਬਰਾਮਦ ਕੀਤੇ ਜੋ ਕਿ ਮਿਥੇ ਹੋਏ ਸਟਿੰਗ ਅਪਰੇਸ਼ਨ ਦੌਰਾਨ ਔਰਤ ਵੱਲੋਂ ਲਿੰਗ ਨਿਰਧਾਰਨ ਕਟਨ ਡਾਕਟਰਾਂ ਨੂੰ ਦਿੱਤੇ ਜਾਣੇ ਸਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ ਅਤੇ ਇਸ ਰੈਕੇਟ ਵਿੱਚ ਸ਼ਾਮਲ ਹੋਰ ਡਾਕਟਰਾਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਵੇਗੀ।

Leave a Reply

Your email address will not be published. Required fields are marked *