ਤਰਨਤਾਰਨ, 10 ਜੁਲਾਈ, ਬੋਲੇ ਪੰਜਾਬ ਬਿਊਰੋ :
ਭਾਰਤ-ਪਾਕਿ ਸਰਹੱਦ ਨੇੜੇ ਸਰਚ ਅਭਿਆਨ ਚਲਾਉਂਦੇ ਹੋਏ ਬੀ.ਐੱਸ.ਐੱਫ. ਅਤੇ ਪੰਜਾਬ ਪੁਲਿਸ ਨੇ 2 ਡਰੋਨ ਅਤੇ 508 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਸ ਸਬੰਧੀ ਥਾਣਾ ਵਲਟੋਹਾ ਵਿਖੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਭਾਰਤ-ਪਾਕਿ ਸਰਹੱਦ ਤੋਂ ਡਰੋਨ ਅਤੇ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਦਾ ਸਿਲਸਿਲਾ ਜਾਰੀ ਹੈ।
ਡੀ.ਐਸ.ਪੀ. ਸਬ ਡਵੀਜ਼ਨ ਭਿੱਖੀਵਿੰਡ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਸਰਹੱਦ ’ਤੇ ਤਾਇਨਾਤ ਬੀ.ਐਸ.ਐਫ. ਅਤੇ ਥਾਣਾ ਵਲਟੋਹਾ ਦੀ ਪੁਲਿਸ ਵੱਲੋਂ ਸਰਹੱਦੀ ਖੇਤਰ ਵਿੱਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਸੀ। ਉਦੋਂ ਦਿਲਬਾਗ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਕਾਲੀਆ ਦੇ ਖੇਤਾਂ ਵਿੱਚੋਂ ਚੀਨੀ ਡਰੋਨ ਮਿਲਿਆ।
ਇਸ ਤੋਂ ਇਲਾਵਾ ਮੱਖਣ ਸਿੰਘ ਵਾਸੀ ਕਾਲੀਆ ਦੇ ਖੇਤਾਂ ਵਿੱਚੋਂ 508 ਗ੍ਰਾਮ ਹੈਰੋਇਨ ਅਤੇ ਇੱਕ ਚਾਈਨੀਜ਼ ਡਰੋਨ ਬਰਾਮਦ ਕੀਤਾ ਗਿਆ। ਥਾਣਾ ਵਲਟੋਹਾ ਦੀ ਪੁਲੀਸ ਨੇ ਇਸ ਡਰੋਨ ਅਤੇ ਹੈਰੋਇਨ ਨੂੰ ਕਬਜ਼ੇ ਵਿੱਚ ਲੈਣ ਤੋਂ ਬਾਅਦ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਕੇਸ ਦਰਜ ਕਰ ਲਏ ਹਨ।