ਖੰਨਾ 10 ਜੁਲਾਈ ,ਬੋਲੇ ਪੰਜਾਬ ਬਿਊਰੋ ;
ਖੰਨਾ ਦੇ ਮਲੌਦ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਲਹਿਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ‘ਚ ਵਿਦਿਆਰਥਣਾਂ ਨਾਲ ਛੇੜਛਾੜ ਦੇ ਮਾਮਲੇ ‘ਚ ਐਫ.ਆਈ.ਆਰ. ਕਰ ਲਈ ਗਈ ਹੈ। ਇਸ ਮਾਮਲੇ ਵਿੱਚ ਗਣਿਤ ਅਧਿਆਪਕ ਹਰਦਿਓ ਪ੍ਰਸਾਦ ਸਿੰਘ ਖ਼ਿਲਾਫ਼ ਥਾਣਾ ਮਲੌਦ ਵਿੱਚ ਕੇਸ ਦਰਜ ਕੀਤਾ ਗਿਆ ਸੀ। ਸਰੀਰਕ ਸ਼ੋਸ਼ਣ ਦੇ ਨਾਲ-ਨਾਲ ਪੋਕਸੋ ਐਕਟ ਵੀ ਲਗਾਇਆ ਗਿਆ ਹੈ। ਨਾਲ ਹੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਦੋਸ਼ੀ ਅਧਿਆਪਕ ਦੀਆਂ ਮੁਸ਼ਕਿਲਾਂ ਆਉਣ ਵਾਲੇ ਦਿਨਾਂ ‘ਚ ਹੋਰ ਵਧ ਸਕਦੀਆਂ ਹਨ। ਕਿਉਂਕਿ ਸਿੱਖਿਆ ਵਿਭਾਗ ਨੇ ਵੀ ਆਪਣੇ ਪੱਧਰ ‘ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਸੱਤਵੀਂ ਜਮਾਤ ਦੀਆਂ ਤਿੰਨ ਵਿਦਿਆਰਥਣਾਂ ਦੇ ਬਿਆਨ ਦਰਜ ਕਰਦਿਆਂ ਦੋਸ਼ ਲਾਇਆ ਸੀ ਕਿ ਗਣਿਤ ਅਧਿਆਪਕ ਵਿਦਿਆਰਥਣਾਂ ਦਾ ਸਰੀਰਕ ਸ਼ੋਸ਼ਣ ਕਰਦਾ ਸੀ। ਗਲਤ ਹਰਕਤਾਂ ਕੀਤੀਆਂ ਗਈਆਂ। ਇਸ ਦਾ ਵਿਦਿਆਰਥਣਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਵਿਰੋਧ ਕੀਤਾ ਗਿਆ। ਜਦੋਂ 4 ਪਿੰਡਾਂ ਦੇ ਲੋਕਾਂ ਨੇ ਸਕੂਲ ‘ਚ ਆ ਕੇ ਆਪਣਾ ਗੁੱਸਾ ਜ਼ਾਹਰ ਕੀਤਾ ਤਾਂ ਸਥਿਤੀ ਨੂੰ ਸਮਝਦਿਆਂ ਪੁਲਸ ਮੌਕੇ ‘ਤੇ ਪਹੁੰਚ ਗਈ। ਜਿਸ ਤੋਂ ਬਾਅਦ ਐਫਆਈਆਰ ਦਰਜ ਕੀਤੀ ਗਈ। ਇਸ ਮਾਮਲੇ ਵਿੱਚ ਮੰਗਲਵਾਰ ਸਵੇਰੇ ਵਿਦਿਆਰਥਣਾਂ ਦੇ ਪਰਿਵਾਰਕ ਮੈਂਬਰ ਸਕੂਲ ਵਿੱਚ ਇਕੱਠੇ ਹੋਏ ਸਨ। ਉਸ ਸਮੇਂ ਅਧਿਆਪਕ ਨੇ ਕੈਮਰੇ ਦੇ ਸਾਹਮਣੇ ਆਪਣੀ ਗਲਤੀ ਮੰਨ ਲਈ ਸੀ ਅਤੇ ਮੁਆਫੀ ਵੀ ਮੰਗ ਲਈ ਸੀ।ਇਸ ਮਾਮਲੇ ਵਿੱਚ ਸਕੂਲ ਪ੍ਰਿੰਸੀਪਲ ਅਤੇ ਹੋਰ ਸਟਾਫ ਦੀ ਭੂਮਿਕਾ ਵੀ ਸਵਾਲਾਂ ਦੇ ਘੇਰੇ ਵਿੱਚ ਹੈ। ਸਿੱਖਿਆ ਵਿਭਾਗ ਵੱਲੋਂ ਇਨ੍ਹਾਂ ਵਿਰੁੱਧ ਕੁਝ ਕਾਰਵਾਈ ਵੀ ਕੀਤੀ ਜਾ ਸਕਦੀ ਹੈ।
ਲੁਧਿਆਣਾ ਦੇ ਡਿਪਟੀ ਡੀਈਓ ਜਸਵਿੰਦਰ ਸਿੰਘ ਨੇ ਦੱਸਿਆ ਕਿ ਤਿੰਨ ਮੈਂਬਰੀ ਕਮੇਟੀ ਜਾਂਚ ਕਰ ਰਹੀ ਹੈ। ਉਮੀਦ ਹੈ ਕਿ ਅੱਜ ਸ਼ਾਮ ਤੱਕ ਰਿਪੋਰਟ ਮਿਲ ਜਾਵੇਗੀ। ਇਸ ਰਿਪੋਰਟ ਤੋਂ ਬਾਅਦ ਡੀਈਓ ਅਗਲੀ ਕਾਰਵਾਈ ਕਰਨਗੇ। ਉਨ੍ਹਾਂ ਦੀ ਟੀਮ ਸਕੂਲਾਂ ਅਤੇ ਪਿੰਡਾਂ ਵਿੱਚ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਵਿਦਿਆਰਥਣਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਜੇਕਰ ਕਿਸੇ ਸਟਾਫ ਦੀ ਗਲਤੀ ਸਾਹਮਣੇ ਆਈ ਤਾਂ ਉਸ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ।
ਦੂਜੇ ਪਾਸੇ ਡੀਐਸਪੀ ਪਾਇਲ ਨਿਖਿਲ ਗਰਗ ਨੇ ਦੱਸਿਆ ਕਿ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਦੀ ਧਾਰਾ 75 (2) ਅਤੇ ਪੋਕਸੋ ਐਕਟ ਦੀ ਧਾਰਾ 12 ਤਹਿਤ ਕੇਸ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।