ਸ੍ਰੀ ਚਮਕੌਰ ਸਾਹਿਬ,9 ਜੁਲਾਈ ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ):
ਉਸਾਰੀ ਨਾਲ ਸੰਬੰਧਿਤ ਮਿਸਤਰੀਆਂ, ਮਜ਼ਦੂਰਾਂ ਦੀ ਜਥੇਬੰਦੀ ਸ੍ਰੀ ਵਿਸ਼ਵਕਰਮਾ ਬਿਲਡਿੰਗ ਉਸਾਰੀ ਕਿਰਤੀ ਕਾਮਾ ਯੂਨੀਅਨ ਸੰਬੰਧਿਤ ਇਫਟੂ ਬਲਾਕ ਸ੍ਰੀ ਚਮਕੌਰ ਸਾਹਿਬ ਦੀ ਮੀਟਿੰਗ ਬਲਾਕ ਪ੍ਰਧਾਨ ਬਲਵਿੰਦਰ ਸਿੰਘ ਭੈਰੋ ਮਾਜਰਾ, ਚੇਅਰਮੈਨ ਦਲਵੀਰ ਸਿੰਘ ਜਟਾਣਾ ਦੀ ਪ੍ਰਧਾਨਗੀ ਹੇਠ ਵਿਸ਼ਵਕਰਮਾ ਭਵਨ ਵਿਖੇ ਹੋਈ। ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਯੂਨੀਅਨ ਦੇ ਜਨਰਲ ਸਕੱਤਰ ਮਿਸਤਰੀ ਮਨਮੋਹਨ ਸਿੰਘ ਕਾਲਾ ਨੇ ਦੱਸਿਆ ਕਿ ਮੀਟਿੰਗ ਵਿੱਚ ਮਜ਼ਦੂਰਾਂ ਦੀਆਂ ਲਾਭਪਾਤਰੀ ਕਾਪੀਆਂ, ਰਜਿਸਟ੍ਰੇਸ਼ਨ ,ਪੈਨਸ਼ਨ , ਮੈਡੀਕਲ ਦੇ ਬਕਾਏ ,ਕਾਪੀਆਂ ਨੂੰ ਨਿਊ ਕਰਨਾ ਆਦਿ ਕੰਮਾਂ ਲਈ ਉਸਾਰੀ ਨਾਲ ਸੰਬੰਧਿਤ ਮਿਸਤਰੀਆਂ ਮਜ਼ਦੂਰਾਂ ਨੂੰ ਲੇਬਰ ਵਿਭਾਗ ਰੋਪੜ ਦੇ ਅਧਿਕਾਰੀ ਲੰਮੇ ਸਮੇਂ ਤੋਂ ਖੱਜਲ ਖੁਆਰ ਕਰ ਰਹੇ ਹਨ ।ਇਥੋਂ ਤੱਕ ਸੁਵਿਧਾ ਕੇਂਦਰ ਵਿੱਚ ਵੀ ਮਜ਼ਦੂਰਾਂ ਦੀ ਆਨਲਾਈਨ ਸਾਈਡ ਲੰਮੇ ਸਮੇਂ ਤੋਂ ਬੰਦ ਹੀ ਪਈ ਹੈ। ਜਦੋਂ ਇਸ ਸਬੰਧੀ ਸੰਬੰਧਿਤ ਕਰਮਚਾਰੀਆਂ ਨਾਲ ਗੱਲ ਕਰਦੇ ਹਾਂ ਤਾਂ ਉਹ ਕਹਿ ਦਿੰਦੇ ਹਨ ਕਿ ਸਾਈਡ ਨਹੀਂ ਚੱਲਦੀ ,ਮੀਟਿੰਗ ਵਿੱਚ ਅਧੂਰੇ ਪਏ ਲੇਬਰ ਚੌਂਕ ਸਬੰਧੀ ਵੀ ਚਰਚਾ ਕੀਤੀ ਗਈ ਅਤੇ ਫੈਸਲਾ ਕੀਤਾ ਗਿਆ ਕਿ ਯੂਨੀਅਨ ਵੱਲੋਂ ਅਧੂਰੇ ਲੇਬਰ ਨੂੰ ਲੈ ਕੇ ਨਗਰ ਕੌਂਸਲ ਦੇ ਈਓ ਸਮੇਤ ਐਸਡੀਐਮ ਨੂੰ ਮੰਗ ਪੱਤਰ ਦਿੱਤੇ ਜਾਣਗੇ। ਮੀਟਿੰਗ ਵਿੱਚ ਫੈਸਲਾ ਕੀਤਾ ਕਿ ਜੇਕਰ ਦਿੱਤੇ ਗਏ ਮੰਗ ਪੱਤਰਾਂ ਤੇ ਸੰਬੰਧਿਤ ਅਧਿਕਾਰੀਆਂ ਨੇ ਜਥੇਬੰਦੀ ਨਾਲ ਗੱਲਬਾਤ ਨਾ ਕੀਤੀ, ਅਤੇ ਮੰਗਾਂ ਦਾ ਠੋਸ ਹੱਲ ਨਾ ਕੀਤਾ ਤਾਂ ਸਬ ਡਵੀਜ਼ਨ ਦਫਤਰ ਵਿਖੇ ਧਰਨਾ ਦੇ ਕੇ ਸ਼ਹਿਰ ਵਿੱਚ ਰੋਸ ਮੁਜਾਹਰਾ ਕੀਤਾ ਜਾਵੇਗਾ। ਜਿਸ ਦੀ ਜਿੰਮੇਵਾਰੀ ਸਥਾਨਕ ਪ੍ਰਸ਼ਾਸਨ ਦੀ ਹੋਵੇਗੀ। ਮੀਟਿੰਗ ਵਿੱਚ ਕੇਂਦਰ ਸਰਕਾਰ ਵੱਲੋਂ 1 ਜੁਲਾਈ ਤੋਂ ਸੋਧੇ ਹੋਏ ਕਾਰਪੋਰੇਟ ਪੱਖੀ ਲੇਬਰ ਕਾਨੂੰਨਾਂ , ਸਰਮਾਏਦਾਰ ਪੱਖੀ ਫੌਜਦਾਰੀ ਕਾਨੂੰਨਾਂ ਨੂੰ ਲਾਗੂ ਕਰਨਾ ਅਤੇ ਬੁੱਧੀਜੀਵੀਆਂ ਖਿਲਾਫ ਐਨਐਸਏ ਦੀ ਸਿਫਾਰਿਸ਼ ਕਰਨ ਦੀ ਜੋਰਦਾਰ ਨਿਖੇਧੀ ਕੀਤੀ ਗਈ। ਮੀਟਿੰਗ ਵਿੱਚ ਜਰਨੈਲ ਸਿੰਘ ਜੈਲਾ, ਅਜੈਬ ਸਿੰਘ ਸਮਾਣਾ ,ਗੁਲਾਬ ਚੰਦ ਚੌਹਾਨ, ਗੁਰਮੇਲ ਸਿੰਘ, ਮਿਸਤਰੀ ਕਮਲਜੀਤ ਸਿੰਘ, ਸਤਵਿੰਦਰ ਸਿੰਘ ਨੀਟਾ, ਦਲਜੀਤ ਸਿੰਘ ਬਿੱਟੂ, ਹਰਮੇਸ਼ ਕੁਮਾਰ ਕਾਕਾ, ਦਵਿੰਦਰ ਸਿੰਘ ਰਾਜੂ, ਆਦਿ ਹਾਜ਼ਰ ਸਨ।