ਚੰਡੀਗੜ੍ਹ 9 ਜੁਲਾਈ ,ਬੋਲੇ ਪੰਜਾਬ ਬਿਊਰੋ :
ਅੱਜ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ ਵਲੋਂ ਆਪਣੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੈਕਟਰ-37, ਚੰਡੀਗੜ੍ਹ ਦੀ ਫੇਰੀ ਸਮੇਂ ਉਨ੍ਹਾਂ ਨੇ ਆਪਣੀ ਨਵੀਂ ਹਿੰਦੀ ਪੁਸਤਕ ‘‘ਕਰ ਭਲਾ-ਹੋ ਭਲਾ’’ ਜਿਸ ਦਾ ਅਨੁਵਾਦ ਪ੍ਰਸਿੱਧ ਹਿੰਦੀ ਸਾਹਿਤਕਾਰ, ਲੇਖਕ ਅਤੇ ਪੱਤਰਕਾਰ ਸ੍ਰੀ ਪ੍ਰੇਮ ਵਿਜ ਜੀ ਨੇ ਬਹੁਤ ਹੀ ਖੂਬਸੂਰਤ ਢੰਗ ਨਾਲ ਕੀਤਾ ਹੈ, ਪ੍ਰਿੰਸੀਪਲ ਆਸ਼ਾ ਰਾਣੀ ਅਤੇ ਵਾਈਸ ਪ੍ਰਿੰਸੀਪਲ ਬਲਵਿੰਦਰ ਕੌਰ ਨੂੰ ਭੇਟ ਕੀਤੀ।
ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਨੇ ਦੱਸਿਆ ਕਿ ਇਸ ਪੁਸਤਕ ਵਿਚਲੀਆਂ ਬਾਲ ਕਹਾਣੀਆਂ ਬਹੁਤ ਹੀ ਰੋਚਿਕ, ਦਿਲਚਸਪ ਅਤੇ ਬੱਚਿਆਂ ਲਈ ਸਿੱਖਿਆਦਾਇਕ ਹਨ। ਇਸ ਵਿੱਚ 11 ਕਹਾਣੀਆਂ ਸ਼ਾਮਲ ਕੀਤੀਆਂ ਗਈਆਂ ਹਨ ਜਿਨ੍ਹਾਂ ਨੂੰ ਸ੍ਰੀ ਪ੍ਰੇਮ ਵਿਜ ਜੀ ਨੇ ਬਹੁਤ ਹੀ ਪਸੰਦ ਕੀਤਾ ਅਤੇ ਉਨ੍ਹਾਂ ਦਾ ਅਨੁਵਾਦ ਹਿੰਦੀ ਵਿੱਚ ਬਹੁਤ ਹੀ ਮਿਹਨਤ ਨਾਲ ਕੀਤਾ ਹੈ। ਉਨ੍ਹਾਂ ਨੇ ਇਸ ਕਾਰਜ ਲਈ ਪ੍ਰੇਮ ਵਿਜ ਜੀ ਦਾ ਵੀ ਬਹੁਤ ਧੰਨਵਾਦ ਕੀਤਾ। ਕਿਉਂਕਿ ਪਿ੍ਰੰ. ਗੋਸਲ ਦੀਆਂ ਬਾਲ ਕਹਾਣੀਆਂ ਜਿੱਥੇ ਪੰਜਾਬੀ ਬੱਚਿਆਂ ਵਲੋਂ ਪਸੰਦ ਕੀਤੀਆਂ ਜਾਂਦੀਆਂ ਹਨ ਉੱਥੇ ਹੁਣ ਹਿੰਦੀ ਪੜ੍ਹਨ ਵਾਲੇ ਬੱਚੇ ਵੀ ਇਸ ਅਨੁਵਾਦਿਕ ਪੁਸਤਕ ਰਾਹੀ ਅਨੰਦ ਮਾਨਣਗੇ। ਪ੍ਰਿੰ. ਗੋਸਲ ਨੇ ਦੱਸਿਆ ਕਿ ਇਸ ਪੁਸਤਕ ਨੂੰ ਤਰਲੋਚਨ ਪਲਲਿਸ਼ਰਜ਼ ਚੰਡੀਗੜ੍ਹ ਵਲੋਂ ਬਹੁਤ ਹੀ ਸ਼ਾਨਦਾਰ ਦਿੱਖ ਦੇ ਕੇ ਛਾਪਿਆ ਗਿਆ ਹੈ।
ਸਕੂਲ ਪ੍ਰਿੰਸੀਪਲ ਆਸ਼ਾ ਰਾਣੀ ਅਤੇ ਮੈਡਮ ਬਲਵਿੰਦਰ ਕੌਰ ਨੇ ਉਨ੍ਹਾਂ ਨੂੰ ਇਹ ਪੁਸਤਕ ਤੋਹਫ਼ੇ ਵਜੋਂ ਦੇਣ ਲਈ ਪ੍ਰਿੰਸੀਪਲ ਗੋਸਲ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਦੀਆਂ ਵੱਡੀ ਗਿਣਤੀ ਵਿੱਚ ਪੁਸਤਕਾਂ ਛਪ ਕੇ ਆਉਣ ਤੇ ਉਨ੍ਹਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਪ੍ਰਿੰ. ਗੋਸਲ ਵਲੋਂ ਸਕੂਲਾਂ ਵਿੱਚ ਬੱਚਿਆਂ ਲਈ ਮੁਫਤ ਕਿਤਾਬਾਂ ਵੰਡਣ ਦੇ ਉਪਰਾਲਿਆਂ ਦੀ ਪ੍ਰਸੰਸਾ ਕੀਤੀ ਅਤੇ ਉਨ੍ਹਾਂ ਨੂੰ ਇਸ ਸਕੂਲ ਦੀ ਲਾਇਬ੍ਰੇਰੀ ਲਈ ਉਨ੍ਹਾਂ ਦੀਆਂ ਸਾਰੀਆਂ ਪੁਸਤਕਾਂ ਦਾ ਇੱਕ ਸੈੱਟ ਦੇਣ ਦੀ ਵੀ ਅਪੀਲ ਕੀਤੀ। ਕਿਉਂਕਿ ਚੰਡੀਗੜ੍ਹ ਸਿਖਿਆ ਵਿਭਾਗ ਵਿੱਚ ਲੰਮਾ ਸਮਾਂ ਕੰਮ ਕਰਦੇ ਸਮੇਂ ਉਨ੍ਹਾਂ ਨੇ ਇਸ ਸਕੂਲ ਦਾ ਮੁੱਢ ਬੰਨਿ੍ਹਆ ਸੀ, ਇਸ ਲਈ ਬਹਾਦਰ ਸਿੰਘ ਗੋਸਲ ਨੇ ਕਿਹਾ ਕਿ ਉਹ ਜ਼ਰੂਰ ਬੜੀ ਜਲਦੀ ਹੀ ਲਾਇਬ੍ਰਰੀ ਲਈ ਵੱਧ ਤੋਂ ਵੱਧ ਪੁਸਤਕਾਂ ਭੇਟ ਕਰਨਗੇ ਤਾਂ ਕਿ ਬੱਚੇ ਅਤੇ ਅਧਿਆਪਕ ਵੱਡੀ ਗਿਣਤੀ ਵਿੱਚ ਉਨ੍ਹਾਂ ਦੀਆਂ ਰਚਿਤ ਪੁਸਤਕਾਂ ਦਾ ਲਾਭ ਉਠਾ ਸਕਣ।