ਵਿਧਾਇਕ ਦੀ ਦਖ਼ਲਅੰਦਾਜ਼ੀ ਨਾਲ ਪਿੰਡ ਚਿੱਲਾ ਦੇ ਰਸਤੇ ਉੱਤੇ ਖੁਲ ਰਿਹਾ ਸ਼ਰਾਬ ਦਾ ਠੇਕਾ ਹੋਇਆ ਬੰਦ

ਚੰਡੀਗੜ੍ਹ ਪੰਜਾਬ

ਮੁਹਾਲੀ 9 ਜੁਲਾਈ ,ਬੋਲੇ ਪੰਜਾਬ ਬਿਊਰੋ :

ਮੁਹਾਲੀ ਵਿਧਾਇਕ ਕੁਲਵੰਤ ਸਿੰਘ ਦੀ ਦਖ਼ਲਅੰਦਾਜ਼ੀ ਮਗਰੋਂ ਪਿੰਡ ਚਿੱਲਾ ਦੇ ਰਾਹ ਉੱਤੇ ਖੋਲਿਆ ਜਾ ਰਿਹਾ ਸ਼ਰਾਬ ਦਾ ਠੇਕਾ ਬੰਦ ਹੋ ਗਿਆ ਹੈ। ਇਸ ਮਗਰੋਂ ਦਰਜਨਾਂ ਪਿੰਡ ਵਾਸੀ, ਜਿਨ੍ਹਾਂ ਵਿੱਚ ਵੱਡੀ ਗਿਣਤੀ ਵਿਚ ਮਹਿਲਾਵਾਂ ਵੀ ਸ਼ਾਮਿਲ ਸਨ, ਅੱਜ ਮੁਹਾਲੀ ਵਿਖੇ ਵਿਧਾਇਕ ਕੁਲਵੰਤ ਸਿੰਘ ਦਾ ਧੰਨਵਾਦ ਕਰਨ ਲਈ ਪਹੁੰਚੇ।
ਪਿੰਡ ਦੇ ਵਸਨੀਕਾਂ ਡਾ ਕਰਮਜੀਤ ਸਿੰਘ ਚਿੱਲਾ, ਪਰਵਿੰਦਰ ਸਿੰਘ ਗਿੱਲ, ਪ੍ਰੋ ਜਗਤਾਰ ਸਿੰਘ ਗਿੱਲ, ਨੰਬਰਦਾਰ ਸੰਤ ਸਿੰਘ, ਭੁਪਿੰਦਰ ਸਿੰਘ ਨੰਬਰਦਾਰ, ਕਿਸਾਨ ਆਗੂ ਕੁਲਵੰਤ ਸਿੰਘ, ਭੁਪਿੰਦਰ ਸਿੰਘ, ਗੁਰਪ੍ਰੀਤ ਸਿੰਘ ਕਾਲਾ, ਤੇਜੀ ਚਿੱਲਾ, ਗੁਰਜੀਤ ਸਿੰਘ, ਬਹਾਦਰ ਸਿੰਘ, ਅਮਰੀਕ ਸਿੰਘ, ਗੁਰਦੀਪ ਸਿੰਘ, ਬਲਜੀਤ ਸਿੰਘ, ਦਰਬਜੀਤ ਸਿੰਘ, ਨਛੱਤਰ ਸਿੰਘ, ਗੁਰਦੇਵ ਸਿੰਘ, ਭਜਨ ਸਿੰਘ, ਮਿਸਤਰੀ ਨਿਰਮਲ ਸਿੰਘ, ਨਸੀਬ ਸਿੰਘ, ਨੰਬਰਦਾਰ ਹਰਨੇਕ ਸਿੰਘ, ਮਿਸਤਰੀ ਬਲਦੀਪ ਸਿੰਘ, ਹੈਪੀ, ਨੰਬਰਦਾਰ ਗੁਰਮੀਤ ਸਿੰਘ ਬਾਵਾ, ਕਰਨੈਲ ਸਿੰਘ ਤੇ ਦਰਜਨਾਂ ਮਹਿਲਾਵਾਂ ਨੇ ਦੱਸਿਆ ਕਿ ਠੇਕੇ ਦੀ ਉਸਾਰੀ ਦਾ ਕੰਮ ਤਿੰਨ-ਚਾਰ ਦਿਨ ਤੋਂ ਜਾਰੀ ਸੀ।


ਉਨ੍ਹਾਂ ਦੱਸਿਆ ਕਿ ਪਿੰਡ ਵਾਸੀ ਉਸੇ ਦਿਨ ਤੋਂ ਇਸ ਦਾ ਵਿਰੋਧ ਕਰ ਰਹੇ ਸਨ। ਪਿੰਡ ਵਾਸੀਆਂ ਨੇ ਅੱਜ ਸਾਰਾ ਮਾਮਲਾ ਵਿਧਾਇਕ ਕੁਲਵੰਤ ਸਿੰਘ ਦੇ ਧਿਆਨ ਵਿੱਚ ਲਿਆਉਂਦਿਆਂ ਉਨ੍ਹਾਂ ਨੂੰ ਦੱਸਿਆ ਕਿ ਖੋਲਿਆ ਜਾ ਰਿਹਾ ਠੇਕਾ ਪਿੰਡ ਚਿੱਲਾ ਦੇ ਪ੍ਰਵੇਸ਼ ਦੁਆਰ ਤੇ ਹੈ। ਇਸ ਦੇ ਨਾਲ ਸਕੂਲ, ਨੈਨੋ ਇੰਸਟੀਚਿਊਟ ਹੈ ਤੇ ਸਾਰੇ ਪਿੰਡ ਦੀਆਂ ਬੀਬੀਆਂ, ਬੱਚੇ ਤੇ ਬਜ਼ੁਰਗ ਇੱਥੇ ਸੈਰ ਕਰਦੇ ਹਨ। ਇੱਥੇ ਹਰ ਸਮੇਂ ਪਹਿਲਾਂ ਹੀ ਜ਼ਿਆਦਾ ਭੀਡ਼ ਕਾਰਨ ਜਾਮ ਲੱਗਿਆ ਰਹਿੰਦਾ ਹੈ ਤੇ ਠੇਕਾ ਖੁਲਣ ਨਾਲ ਹੋਰ ਦਿੱਕਤਾਂ ਆਉਣਗੀਆਂ।
ਪਿੰਡ ਵਾਸੀਆਂ ਨੇ ਦੱਸਿਆ ਕਿ ਵਿਧਾਇਕ ਕੁਲਵੰਤ ਸਿੰਘ ਨੇ ਸਾਰਾ ਮਾਮਲਾ ਸੁਣਨ ਉਪਰੰਤ ਤੁਰੰਤ ਸਬੰਧਿਤ ਠੇਕੇਦਾਰ ਤੇ ਥਾਣਾ ਸੋਹਾਣਾ ਦੇ ਐਸਐਚਓ ਨੂੰ ਫੋਨ ਕਰਕੇ ਪਿੰਡ ਚਿੱਲਾ ਵਿਖੇ ਖੋਲੇ ਜਾ ਰਹੇ ਠੇਕੇ ਨੂੰ ਰੋਕਣ ਦੀ ਤਾਕੀਦ ਕੀਤੀ। ਵਿਧਾਇਕ ਦੇ ਦਖਲ ਮਗਰੋਂ ਠੇਕੇ ਦੀ ਉਸਾਰੀ ਲਈ ਲਿਆਂਦੀਆਂ ਇੱਟਾਂ ਵਾਪਿਸ ਚੁੱਕ ਲਈਆਂ ਗਈਆਂ ਹਨ ਅਤੇ ਬਣਾਇਆ ਗਿਆ ਲੋਹੇ ਦਾ ਸੈੱਡ ਵੀ ਤੁਰੰਤ ਚੁੱਕਣ ਦਾ ਭਰੋਸਾ ਦਿਵਾਇਆ।
ਪਿੰਡ ਵਾਸੀਆਂ ਨੇ ਵਿਧਾਇਕ ਕੁਲਵੰਤ ਸਿੰਘ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਉਨ੍ਹਾਂ ਦੇ ਪਿੰਡ ਦੀ ਵੱਡੀ ਮੁਸ਼ਕਿਲ ਨੂੰ ਮੌਕੇ ਉੱਤੇ ਹੀ ਹੱਲ ਕਰਾ ਦਿੱਤਾ। ਵਿਧਾਇਕ ਨੇ ਪਿੰਡ ਚਿੱਲਾ ਨੇਡ਼ਿਉਂ ਲੰਘਦੇ ਚੋਏ ਨੂੰ ਪੱਕਾ ਕਰਾਉਣ, ਸੀਵਰੇਜ ਤੇ ਪਾਣੀ ਦੇ ਨਿਕਾਸ ਨਾਲ ਸਬੰਧਿਤ ਹੋਰ ਸਮੱਸਿਆਵਾਂ ਨੂੰ ਹੱਲ ਕਰਨ ਲਈ ਵੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਤੁਰੰਤ ਫੋਨ ਕਰਕੇ ਸਮੁੱਚਾ ਅਮਲ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ।
ਕੈਪਸ਼ਨ; ਪਿੰਡ ਚਿੱਲਾ ਦੇ ਵਸਨੀਕ ਵਿਧਾਇਕ ਕੁਲਵੰਤ ਸਿੰਘ ਦਾ ਠੇਕਾ ਬੰਦ ਕਰਾਉਣ ਲਈ ਧੰਨਵਾਦ ਕਰਨ ਉਪਰੰਤ ਹੋਰ ਮੰਗਾਂ ਲਈ ਮੰਗਪੱਤਰ ਸੌਂਪਦੇ ਹੋਏ।

Leave a Reply

Your email address will not be published. Required fields are marked *