ਆਊਟਸੋਰਸਿੰਗ ਜਲ ਸਪਲਾਈ ਅਤੇ ਸੈਨੀਟੇਸ਼ਨ ਯੂਨੀਅਨ ਦੇ ਸੂਬਾ ਆਗੂ ਦਲਵੀਰ ਸਿੰਘ ਕਜੌਲੀ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ

ਚੰਡੀਗੜ੍ਹ ਪੰਜਾਬ


14 ਜੁਲਾਈ ਨੂੰ ਪਿੰਡ ਕਜੌਲੀ ਦੇ ਗੁਰਦੁਆਰਾ ਸਾਹਿਬ ਵਿੱਖੇ ਹੋਵੇਗੀ ਆਤਮਿਕ ਅਰਦਾਸ


ਮੋਰਿੰਡਾ,9, ਜੁਲਾਈ ,ਬੋਲੇ ਪੰਜਾਬ ਬਿਊਰੋ ;

ਆਊਟਸੋਰਸਿੰਗ ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰਜ ਯੂਨੀਅਨ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਜਿਲਾ ਰੋਪੜ ਦੇ ਆਗੂ ਦਲਬੀਰ ਸਿੰਘ ਕਜੌਲੀ ਇੱਕ ਸੜਕ ਹਾਦਸੇ ਦੌਰਾਨ ਇਹ ਸੰਸਾਰ ਨੂੰ ਅਲਵਿਦਾ ਕਹਿ ਗਏ । ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਜ਼ਿਲ੍ਹਾ ਰੋਪੜ ਦੇ ਪ੍ਰਧਾਨ ਮਲਾਗਰ ਸਿੰਘ ਖਮਾਣੋ ਨੇ ਦੱਸਿਆ ਕਿ ਸਾਥੀ ਦਲਬੀਰ ਦਾ ਵਿਛੋੜਾ ਉਸ ਸਮੇਂ ਹੋਇਆ ਜਦੋਂ ਇਸ ਪ੍ਰਬੰਧ ਦੇ ਸਤਾਏ ਕੱਚੇ ਕਾਮੇ ਆਪਣੇ ਤੇ ਆਪਣੇ ਪਰਿਵਾਰਾਂ ਦੇ ਢਿੱਡਾਂ ਦੀ ਖਾਤਰ, ਆਪਣੇ ਹਿੱਸੇ ਦੀ ਧਰਤੀ ,ਅਸਮਾਨ ਤੇ ਮੁਕਤੀ ਲਈ ਕਦੇ ਬਿਜਲੀ ਦੇ ਖੰਭਿਆਂ ਤੇ ਲਟਕਦੇ! ਕਦੇ ਸੜਕਾਂ ਤੇ ਦੌੜ ਰਹੇ! ਕਦੇ ਪਾਣੀ ਦੀ ਟੈਂਕੀਆਂ ਤੇ ਚੜ ਰਹੇ! ਕਦੇ, ਕਦੇ ਸਕੂਲਾਂ ਦੇ ਸਿਲੰਡਰਾਂ ਨਾਲ ਮਰ ਰਹੇ! ਕਦੇ ਪੁਲਿਸ ਦੀਆਂ ਡਾਂਗਾਂ ਦਾ ਸੇਕ ਝੱਲ ਚੱਲ ਰਹੇ ਸਨ । ਅਤੇ ਇਹਨਾਂ ਕਾਮਿਆਂ ਦਾ ਸੰਘਰਸ਼ ਸਿਖਰਾਂ ਤੇ ਸੀ ਭਾਵੇਂ ਦਲਵੀਰ ਸਿੰਘ ਕਜੌਲੀ ਵੀ ਉਸੇ ਕਾਫਲੇ ਦਾ ਸਿਪਾਹੀ ਸੀ, ਗਰੀਬ ਬੇਜਮੀਨੇ ਪਰਿਵਾਰ ਨਾਲ ਸੰਬੰਧਿਤ ਜਵਾਨੀ ਵਿੱਚ ਪੈ ਰੱਖਿਆ ਤਾਂ ਘਰ ਦੀਆਂ ਤੰਗੀਆਂ ਨੇ ਦਿਹਾੜੀ ਕਰਨ ਲਈ ਮਜਬੂਰ ਕੀਤਾ ਕਦੇ ਬੱਸਾਂ/ ਟਰੱਕਾਂ ਦੀ ਡਰਾਈਵਰੀ ,ਕਦੇ ਸਿਕਿਉਰਟੀ ਗਾਈਡ ,ਕਦੇ ਬੇਗਾਨੇ ਖੇਤਾਂ ਵਿੱਚ ਮਿੱਟੀ ਨਾਲ ਮਿੱਟੀ ਹੁੰਦਾ ਸਫਰ ਕਰਦਾ 2004 ਵਿੱਚ ਕਜੌਲੀ ਠੇਕੇਦਾਰ ਕੋਲ ਜਾ ਲੱਗਿਆ। ਵਿਆਹ ਹੋਇਆ ਘਰੇਲੂ ਜੀਵਨ ਸਾਥਣ ਸਮੇਤ ਦੋ ਮਸੂਮ ਬੱਚਿਆਂ ਦੀ ਜਿੰਮੇਵਾਰੀ ਘੱਟ ਤਨਖਾਹ ਨੇ ਹੋਰ ਹੋਰ ਮਿਹਨਤ ਮਜ਼ਦੂਰੀ ਕਰਨ ਲਈ ਮਜਬੂਰ ਕੀਤਾ, ਕਦੇ ਦਿਨੇ ਡਿਊਟੀ ਕਰਦਾ ਰਾਤ ਨੂੰ ਡਰਾਈਵਰੀ ਕਰਦਾ ਜਾਂ ਕਿਸੇ ਕਾਲਜ ਦੀ ਬੱਸ ਚਲਾਉਂਦਾ, ਜਿੱਥੇ ਘਰ ਦੀਆਂ ਲੋੜਾਂ ਪੂਰੀਆਂ ਕਰਨ ਲਈ ਦਿਨ ਰਾਤ ਮਿਹਨਤ ਕਰਦਾ, ਉੱਥੇ ਕੱਚੇ ਕਾਮਿਆਂ ਸਮੇਤ ਰੈਗੂਲਰ ਤੇ ਪੈਨਸ਼ਨਰਾਂ ਦੇ ਸੰਘਰਸ਼ਾਂ ਵਿੱਚ ਵੀ ਮੋਹਰੀ ਰੋਲ ਨਿਭਾਉਂਦਾ ਰਿਹਾ । ਦਲਵੀਰ ਸਿੰਘ ਦੀ ਬੇਵਕਤੀ ਮੌਤ ਨਾਲ ਜਿੱਥੇ ਉਹਨਾਂ ਦੀ ਜੀਵਨ ਸਾਥਣ ਤੇ ਮਾਸੂਮ ਬੱਚਿਆਂ ਨੂੰ ਵੱਡਾ ਘਾਟਾ ਪਿਆ । ਉੱਥੇ ਕੱਚੇ ਕਾਮਿਆਂ ਤੇ ਮੁਲਾਜ਼ਮ ਲਹਿਰ ਨੂੰ ਵੀ ਵੱਡਾ ਘਾਟਾ ਪਿਆ। ਇਸ ਮੌਕੇ ਕੱਚਾ ਮੁਲਾਜ਼ਮ ਸਾਂਝਾ ਫਰੰਟ ਦੇ ਸੂਬਾ ਕਨਵੀਨਰ ਸਰਬਜੀਤ ਸਿੰਘ ਭੁੱਲਰ ,ਜਸਬੀਰ ਸਿੰਘ ਸੀਰਾ, ਟੈਕਨੀਕਲ ਐਂਡ ਮਕੈਨੀਕਲ ਯੂਨੀਅਨ ਦੇ ਪ੍ਰਧਾਨ ਬ੍ਰਹਮਪਾਲ ਸਹੋਤਾ ,ਤਰਲੋਚਨ ਸਿੰਘ, ਦੀਦਾਰ ਸਿੰਘ ਢਿੱਲੋ, ਡੈਮੋਕ੍ਰੇਟਿਕ ਟੀਚਰ ਫਰੰਟ ਦੇ ਸੂਬਾ ਪ੍ਰਧਾਨ ਬਿਕਰਮ ਦੇਵ ਸਿੰਘ , ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਤੇ ਸਾਂਝੇ ਫਰੰਟ ਦੇ ਕਨਵੀਨਰ ਜਰਮਨਜੀਤ ਸਿੰਘ , ਹਰਦੀਪ ਸਿੰਘ ਟੋਡਰਪੁਰ ,ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਦੇ ਆਗੂ ਤਰਸੇਮ ਜੱਟਪੁਰਾ ,ਬਲਵਿੰਦਰ ਸਿੰਘ ਭੈਰੋ ਮਾਜਰਾ ,ਕਮਲਜੀਤ ਸਿੰਘ ਮੁੰਡੀਆ, ਕਿਰਤੀ ਕਿਸਾਨ ਮੋਰਚੇ ਦੇ ਪ੍ਰਧਾਨ ਬੀਰ ਸਿੰਘ ਬੜਵਾ ਨੇ ਦੁੱਖ ਦਾ ਪ੍ਰਗਟਾਵਾ ਕੀਤਾ ।ਇਹਨਾਂ ਦੱਸਿਆ ਕਿ 14 ਜੁਲਾਈ ਨੂੰ ਪਿੰਡ ਕਜੌਲੀ ਦੇ ਗੁਰਦੁਆਰਾ ਵਿਖੇ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਹੋਵੇਗਾ।

Leave a Reply

Your email address will not be published. Required fields are marked *